ਜਲੰਧਰ 8 ਸਤੰਬਰ 2024: ਪੰਜਾਬ ਦੇ ਜਲੰਧਰ ‘ਚ ਬੀਤੇ ਸ਼ੁੱਕਰਵਾਰ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਇਕ ਲੜਕੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਲੜਕੀ ਨੂੰ 400 ਮੀਟਰ ਤੱਕ ਘਸੀਟ ਕੇ ਲੈ ਗਏ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੋਸ਼ੀ ਲੜਕੀ ਨੂੰ ਸੜਕ ਦੇ ਵਿਚਕਾਰ ਬੁਰੀ ਤਰ੍ਹਾਂ ਘਸੀਟ ਰਹੇ ਹਨ।
12ਵੀਂ ਜਮਾਤ ‘ਚ ਪੜ੍ਹਦੀ 18 ਸਾਲਾ ਵਿਦਿਆਰਥਣ ਲਕਸ਼ਮੀ ਨਾਲ ਹੋਈ ਇਸ ਬੇਰਹਿਮੀ ਦੀ ਵੀਡੀਓ ਸ਼ਨੀਵਾਰ ਰਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤੇਜ਼ੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਸਬੰਧੀ ਐਫਆਈਆਰ (FIR ) ਦਰਜ ਕਰ ਲਈ ਹੈ। ਘਟਨਾ ਤੋਂ ਬਾਅਦ ਲਕਸ਼ਮੀ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਪਰ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ, ਅਤੇ ਪਰਿਵਾਰ ਦੇ ਹੱਥ ਕੁਝ ਨਹੀਂ ਲੱਗਾ। ਇਹ ਘਟਨਾ ਦੁਪਹਿਰ 1.30 ਵਜੇ ਵਾਪਰੀ।




