ਜਲੰਧਰ, 04 ਫਰਵਰੀ 2026: ਜਲੰਧਰ ਦਿਹਾਤੀ ਦੇ ਨਕੋਦਰ ਇਲਾਕੇ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਬਦਮਾਸ਼ ਦੀ ਲੱਤ ‘ਚ ਗੋਲੀ ਲੱਗੀ, ਜਦੋਂ ਕਿ ਉਸਦਾ ਦੂਜਾ ਸਾਥੀ ਡਿੱਗ ਪਿਆ ਅਤੇ ਉਸਦੀ ਲੱਤ ਟੁੱਟ ਗਈ। ਪੁਲਿਸ ਨੇ ਦੋਵਾਂ ਜਣਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪੁਲਿਸ ਮੁਤਾਬਕ ਫੜੇ ਗਏ ਬਦਮਾਸ਼ਾਂ ਦੀ ਪਛਾਣ ਅੰਕਿਤ ਕੁਮਾਰ ਉਰਫ਼ ਅੰਕਿਤ (ਸੀਤਾਮੜੀ, ਬਿਹਾਰ ਦਾ ਰਹਿਣ ਵਾਲਾ, ਇਸ ਸਮੇਂ ਲੁਧਿਆਣਾ ‘ਚ ਰਹਿ ਰਿਹਾ ਹੈ) ਅਤੇ ਹਰਿੰਦਰ ਗੁਪਤਾ ਉਰਫ਼ ਹਰਿੰਦਰ (ਗੋਰਖਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ,ਇਸ ਸਮੇਂ ਲੁਧਿਆਣਾ ‘ਚ ਰਹਿ ਰਿਹਾ ਹੈ) ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਵੇਂ ਜਣੇ ਸ਼ਹਿਰ ਦੇ ਇੱਕ ਪ੍ਰਮੁੱਖ ਕਾਰੋਬਾਰੀ ਨੂੰ ਦੁਬਾਰਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਜਲੰਧਰ ਦਿਹਾਤੀ, ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਹੇਠ ਬਣਾਈ ਇੱਕ ਵਿਸ਼ੇਸ਼ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਮੁਲਜ਼ਮ ਇੱਕ ਹੋਰ ਅਪਰਾਧ ਕਰਨ ਦੇ ਇਰਾਦੇ ਨਾਲ ਇਲਾਕੇ ‘ਚ ਘੁੰਮ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਨੂਰਮਹਿਲ ਰੋਡ ‘ਤੇ ਇਕ ਪਿੰਡ ਦੇ ਫਾਟਕ ਨੇੜੇ ਇੱਕ ਬਾਈਕ ‘ਤੇ ਸਵਾਰ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ‘ਚ ਅੰਕਿਤ ਕੁਮਾਰ ਦੀ ਲੱਤ ‘ਚ ਗੋਲੀ ਲੱਗੀ, ਜਦੋਂ ਕਿ ਹਰਿੰਦਰ ਗੁਪਤਾ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸਦੀ ਲੱਤ ਟੁੱਟ ਗਈ।
ਪੁਲਿਸ ਪੁਲਿਸ ਮੁਤਾਬਕ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਿਕਾਇਤਕਰਤਾ ‘ਤੇ ਫਿਰੌਤੀ ਨਾ ਮਿਲਣ ਕਾਰਨ ਦੁਬਾਰਾ ਹਮਲਾ ਕਰਨ ਆਏ ਸਨ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ।
Read More: ਵਿਜੀਲੈਂਸ ਬਿਊਰੋ ਨੇ ਰੈਂਟ ਕੁਲੈਕਟਰ ਅਤੇ ਚਪੜਾਸੀ ਨੂੰ 18,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ




