ਚੰਡੀਗੜ੍ਹ 17 ਜਨਵਰੀ 2023: ਪੰਜਾਬ ਵਿੱਚ ਚਾਈਨਾ ਡੋਰ (China Dor) ‘ਤੇ ਪਾਬੰਦੀ ਦੇ ਬਾਵਜੂਦ ਇਸ ਦੀ ਵਿਕਰੀ ਅਤੇ ਵਰਤੋਂ ਬੰਦ ਨਹੀਂ ਹੋ ਰਹੀ ਹੈ। ਹੁਣ ਜਲੰਧਰ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਨੂੰ ਲੈ ਕੇ ਹੋਰ ਸਖ਼ਤ ਰੁਖ ਆਪਣਾ ਲਿਆ ਹੈ| ਚਾਈਨੀਜ਼ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰ ਸ. ਭੂਪਤੀ ਵੱਲੋਂ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ ਹੈ।
ਜਲੰਧਰ ਦੇ ਪੁਲਿਸ ਕਮਿਸ਼ਨਰ ਸ. ਭੂਪਤੀ ਵੱਲੋਂ ਚਾਈਨਾ ਡੋਰ ‘ਤੇ ਪਾਬੰਦੀ ਲਗਾਉਂਦੇ ਹੋਏ ਪਹਿਲਾਂ ਹੀ ਜਲੰਧਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਿਸ ਨੂੰ ਪਹਿਲਾਂ ਆਰਡਰ ਨੰ. 01-68/ਸੀ.ਪੀ. ਜਲੰਧਰ ਹਥਿਆਰਾਂ ਦੀ ਮਿਤੀ 3 ਜਨਵਰੀ 2023 ਤੱਕ ਲਾਗੂ ਸੀ, ਹੁਣ ਇਸ ਨੂੰ 2 ਜੂਨ 2023 ਤੱਕ ਵਧਾ ਦਿੱਤਾ ਗਿਆ ਹੈ।
ਜੇਕਰ ਕੋਈ ਵਿਅਕਤੀ ਚਾਈਨਾ ਡੋਰ (China Dor) ਵੇਚਦਾ ਜਾਂ ਖਰੀਦਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ 12 ਵਿਅਕਤੀਆਂ ਖ਼ਿਲਾਫ਼ 11 ਕੇਸ ਦਰਜ ਕੀਤੇ ਗਏ ਹਨ ਅਤੇ 519 ਗੱਟੂ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਪ੍ਰੈੱਸ ਨੋਟ ਵਿੱਚ ਲੋਕਾਂ ਨੂੰ ਬਸੰਤ ਪੰਚਮੀ ਦਾ ਤਿਉਹਾਰ ਚਾਈਨਾ ਡੋਰ ਦੀ ਵਰਤੋਂ ਕੀਤੇ ਬਿਨਾਂ ਮਨਾਉਣ ਦੀ ਅਪੀਲ ਕੀਤੀ ਹੈ। ਚਾਈਨਾ ਡੋਰ ਦੀ ਵਰਤੋਂ ਨਾ ਕਰੋ ਕਿਉਂਕਿ ਰਸਤੇ ‘ਚ ਵਾਹਨਾਂ ‘ਤੇ ਆਉਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਇੰਨਾ ਹੀ ਨਹੀਂ ਪਸ਼ੂ-ਪੰਛੀ ਵੀ ਇਸ ਚਾਈਨਾ ਡੋਰ ਦੀ ਲਪੇਟ ‘ਚ ਆ ਕੇ ਜ਼ਖਮੀ ਹੋ ਰਹੇ ਹਨ, ਕਈ ਬੱਚੇ ਵੀ ਇਸ ਚਾਈਨਾ ਡੋਰ ਦੀ ਲਪੇਟ ‘ਚ ਆ ਕੇ ਜ਼ਖਮੀ ਹੋ ਰਹੇ ਹਨ ਅਤੇ ਮਰ ਰਹੇ ਹਨ।