ਚੰਡੀਗੜ੍ਹ, 26 ਅਕਤੂਬਰ 2024: ਪੰਜਾਬ ‘ਚ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਬਜ਼ਾਰਾਂ ‘ਚ ਰੌਣਕਾਂ ਲੱਗੀਆਂ ਹਨ | ਜਿੱਥੇ ਲੋਕ ਦੀਵਾਲੀ ਅਤੇ ਹੋਰ ਤਿਓਹਾਰਾਂ ਲਈ ਖਰੀਦਦਾਰੀ ਕਰ ਰਹੇ ਹਨ | ਦੂਜੇ ਪਾਏ ਪਟਾਕਿਆਂ (firecrackers) ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਪੁਲਿਸ ਅਹਿਮ ਕਦਮ ਚੁੱਕ ਰਹੀ ਹੈ |
ਇਸ ਦੌਰਾਨ ਦੀਵਾਲੀ ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕਮਿਸ਼ਨਰ ਸਵਪਨ ਸ਼ਰਮਾ ਦੀ ਦੇਖ-ਰੇਖ ਹੇਠ ਅਧਿਕਾਰਤ ਪਟਾਕਾ ਵਿਕਰੇਤਾਵਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ ਹੈ । ਇਸ ਬੈਠਕ ‘ਚ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ, ਪਟਾਕਿਆਂ ਦੀ ਗੈਰ-ਕਾਨੂੰਨੀ ਸਟੋਰੇਜ ਅਤੇ ਵਿਕਰੀ ਨੂੰ ਰੋਕਣ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਨਤਕ ਸਿਹਤ ਅਤੇ ਸੁਰੱਖਿਆ ਦੀ ਰੱਖਿਆ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ।
ਇਸ ਬੈਠਕ ‘ਚ 20 ਪਟਾਕਿਆਂ (firecrackers) ਦੇ ਦੁਕਾਨਦਾਰਾਂ ਅਤੇ ਪਟਾਕਾ ਐਸੋਸੀਏਸ਼ਨ ਜਲੰਧਰ ਦੇ 5 ਮੈਂਬਰਾਂ ਨੇ ਭਾਗ ਲਿਆ ਹੈ । ਅਧਿਕਾਰਤ ਧਾਰਕਾਂ ਅਤੇ ਦੁਕਾਨਦਾਰਾਂ ਨੂੰ ਸੁਪਰੀਮ ਕੋਰਟ, ਹਾਈ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਨਾਲ-ਨਾਲ ਐਕਸਪਲੋਸਿਵ ਐਕਟ 1884 ਅਤੇ ਐਕਸਪਲੋਸਿਵ ਰੂਲਜ਼ 2008 ਅਨੁਸਾਰ ਸਾਰੇ ਸੁਰੱਖਿਆ ਅਤੇ ਹੋਰ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹੁਕਮ ਦਿੱਤੇ ਹਨ ।
ਪੁਲਿਸ ਨੇ ਪਟਾਕਿਆਂ ਦੇ ਸਟਾਲਾਂ ‘ਤੇ ਸਿਗਰਟਨੋਸ਼ੀ ਦੀ ਮਨਾਹੀ ਅਤੇ ਦੁਕਾਨ ਦੇ ਆਸ-ਪਾਸ ਕਿਸੇ ਵੀ ਜਲਣਸ਼ੀਲ ਪਦਾਰਥ ਦੀ ਮੌਜੂਦਗੀ ‘ਤੇ ਪ੍ਰਮੁੱਖਤਾ ਨਾਲ ਸੰਕੇਤ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ ।
ਇਸਦੇ ਨਾਲ ਹੀ ਵਿਕਰੇਤਾਵਾਂ ਨੂੰ ਉਨ੍ਹਾਂ ਦੇ ਸਟਾਲਾਂ ਦੇ ਆਲੇ ਦੁਆਲੇ “ਨੋ ਸਮੋਕਿੰਗ” ਜ਼ੋਨ ਬਣਾਏ ਰੱਖਣ ਦੇ ਹੁਕਮ ਦਿੱਤੇ ਗਏ ਅਤੇ ਨੇੜੇ ਕੋਈ ਖੁੱਲ੍ਹੀ ਅੱਗ ਜਾਂ ਜਲਣਸ਼ੀਲ ਸਮੱਗਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਦਾਇਤ ਕੀਤੀ ਕਿ ਦੁਕਾਨਾਂ ਅਤੇ ਸਟਾਲਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣ।