Jalandhar News

Jalandhar News: ਜਲੰਧਰ ਦੇ ਕਈਂ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ

ਜਲੰਧਰ, 06 ਅਪ੍ਰੈਲ, 2026: ਜਲੰਧਰ ‘ਚ ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਤਾਜ਼ਾ ਘਟਨਾਕ੍ਰਮ ਨੇ ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਡੀਪੀਐਸ ਸਕੂਲ, ਮਾਇਰ ਵਰਲਡ ਸਕੂਲ ਅਤੇ ਐਮਜੀਐਨ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਈਮੇਲ ‘ਚ ਦਾਅਵਾ ਕੀਤਾ ਗਿਆ ਹੈ ਕਿ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ | ਇਸ ਤੋਂ ਇਲਾਵਾ, ਈਮੇਲ ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਧਮਕੀ ਦਿੱਤੀ ਗਈ ਹੈ।

ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ, 16 ਮਾਰਚ ਨੂੰ ਜਲੰਧਰ ਦੇ ਚਾਰ ਪ੍ਰਮੁੱਖ ਸਕੂਲਾਂ – ਏਪੀਜੇ ਸਕੂਲ (ਰਾਮਾ ਮੰਡੀ), ਦਿੱਲੀ ਪਬਲਿਕ ਸਕੂਲ, ਸੀਟੀ ਵਰਲਡ ਪਬਲਿਕ ਸਕੂਲ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ – ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ। ਪੁਲਿਸ ਅਤੇ ਜਾਂਚ ਏਜੰਸੀਆਂ ਇਸ ਸਮੇਂ ਈਮੇਲਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਸਾਈਬਰ ਟੀਮਾਂ ਦੀ ਮੱਦਦ ਨਾਲ ਭੇਜਣ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਕੂਲਾਂ ਅਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਚੰਡੀਗੜ੍ਹ ਦੇ ਸੈਕਟਰ 41, ਸੈਕਟਰ 32, ਸੈਕਟਰ 47 ਅਤੇ ਸੈਕਟਰ 45 ਦੇ ਸਕੂਲਾਂ ਨੂੰ ਇਹ ਧਮਕੀ ਭਰਿਆ ਈਮੇਲ ਮਿਲਿਆ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਸਕੂਲ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਕਰ ਰਹੀਆਂ ਹਨ।

ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਰਵਿੰਦ ਕੇਜਰੀਵਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ।

Read More: PRTC ਬੇੜੇ ‘ਚ ਸ਼ਾਮਲ ਹੋਣਗੀਆਂ 250 ਨਵੀਆਂ ਬੱਸਾਂ, CM ਭਗਵੰਤ ਦਿਖਾਉਣਗੇ ਹਰੀ ਝੰਡੀ

ਵਿਦੇਸ਼

Scroll to Top