ਜਲੰਧਰ, 10 ਫਰਵਰੀ 2026: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਵਾਲੀ ਕੰਪਨੀ ਮੈਸਰਜ਼ ਨੇਚਰ ਹਾਈਟਸ ਇਨਫਰਾ ਲਿਮਟਿਡ ਖ਼ਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪੀਐਮਐਲਏ ਅਦਾਲਤ ਦੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਕੰਪਨੀ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬੈਂਕਾਂ ਨੂੰ ਵਾਪਸ ਕਰ ਦਿੱਤੀਆਂ ਹਨ।
ਇਨ੍ਹਾਂ ਜਾਇਦਾਦਾਂ ਦੀ ਸਰਕਾਰੀ ਕੀਮਤ ਲਗਭੱਗ ₹20.21 ਕਰੋੜ ਹੈ, ਜਦੋਂ ਕਿ ਇਨ੍ਹਾਂ ਦੀ ਮੌਜੂਦਾ ਬਾਜ਼ਾਰ ਕੀਮਤ ਲਗਭੱਗ ₹50 ਕਰੋੜ ਹੋਣ ਦਾ ਅਨੁਮਾਨ ਹੈ। ਇਹ ਸਾਰੀਆਂ ਜਾਇਦਾਦਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਸਥਿਤ ਵਪਾਰਕ ਜਾਇਦਾਦਾਂ ਹਨ।
ਕੀ ਸੀ ਪੂਰਾ ਮਾਮਲਾ ?
ਈਡੀ ਦੀ ਜਾਂਚ ਪੰਜਾਬ ਪੁਲਿਸ ਦੁਆਰਾ ਦਰਜ ਕਈ ਐਫਆਈਆਰ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਜਾਂਚ ‘ਚ ਖੁਲਾਸਾ ਹੋਇਆ ਕਿ ਨੀਰਜ ਅਰੋੜਾ ਅਤੇ ਉਨ੍ਹਾਂ ਦੀ ਕੰਪਨੀ ਨੇ ਜ਼ਮੀਨ ਪ੍ਰਦਾਨ ਕਰਨ ਦੀ ਆੜ ;ਚ ਵੱਡੀ ਗਿਣਤੀ ;ਚ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ।
ਨਿਵੇਸ਼ਕਾਂ ਤੋਂ ਇਕੱਠੇ ਕੀਤੇ ਪੈਸੇ ਨਾਲ ਨੀਰਜ ਨੇ ਆਪਣੇ ਅਤੇ ਆਪਣੀ ਕੰਪਨੀ ਦੇ ਨਾਮ ‘ਤੇ ਜਾਇਦਾਦਾਂ ਖਰੀਦੀਆਂ। ਹਾਲਾਂਕਿ, ਨਿਵੇਸ਼ਕਾਂ ਨੂੰ ਨਾ ਤਾਂ ਜ਼ਮੀਨ ਮਿਲੀ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਧੋਖਾਧੜੀ ਕੀਤੇ ਫੰਡਾਂ ਦੀ ਵਰਤੋਂ ਨਿੱਜੀ ਖਰਚਿਆਂ ਅਤੇ ਬੇਨਾਮੀ ਜਾਇਦਾਦਾਂ ਬਣਾਉਣ ਲਈ ਕੀਤੀ ਗਈ ਸੀ।
ਜਾਂਚ ਦੌਰਾਨ ਈਡੀ ਨੇ ਪੰਜਾਬ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਲਗਭੱਗ ₹46.02 ਕਰੋੜ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ। ਮੁੱਖ ਮੁਲਜ਼ਮ ਨੀਰਜ ਨੂੰ 8 ਅਕਤੂਬਰ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਇਸ ਸਮੇਂ ਨਿਆਂਇਕ ਹਿਰਾਸਤ ‘ਚ ਹੈ। 6 ਫਰਵਰੀ, 2026 ਨੂੰ, ਮੋਹਾਲੀ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਨੁਕਸਾਨ ਦੀ ਭਰਪਾਈ ਲਈ ਇਹਨਾਂ ਜਾਇਦਾਦਾਂ ਨੂੰ ਬੈਂਕਾਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ। ਈਡੀ ਦੇ ਮੁਤਾਬਕ ਇਸ ਮਾਮਲੇ ‘ਚ ਹੋਰ ਜਾਂਚ ਜਾਰੀ ਹੈ।
Read More: ਡਾ. ਬਲਜੀਤ ਕੌਰ ਵੱਲੋਂ ਨਵ-ਨਿਯੁਕਤ ਭਲਾਈ ਬੋਰਡ ਚੇਅਰਪਰਸਨਾਂ ਨਾਲ ਪਹਿਲੀ ਅਧਿਕਾਰਕ ਬੈਠਕ




