ਚੰਡੀਗੜ੍ਹ, 22 ਫਰਵਰੀ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਸਟੇਸ਼ਨ ਡਿਵੀਜ਼ਨ-5, ਜਲੰਧਰ (Jalandhar) ਵਿਖੇ ਤਾਇਨਾਤ ਇੱਕ ਪੁਲਿਸ ਕਾਂਸਟੇਬਲ ਕੁਲਵਿੰਦਰ ਸਿੰਘ (2153/ਕਮਿਸ਼ਨਰੇਟ) ਨੂੰ 4500 ਰੁਪਏ ਦੀ ਰਿਸ਼ਵਤ (bribe) ਮੰਗਣ ਅਤੇ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ (Vigilance Bureau) ਨੇ ਦੱਸਿਆ ਕਿ ਇਹ ਮਾਮਲਾ ਭਾਰਗੋ ਕੈਂਪ, ਜਲੰਧਰ ਦੇ ਇੱਕ ਨਿਵਾਸੀ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਇੱਕ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਵਿਰੁੱਧ ਉਕਤ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ, ਪਰ ਉਕਤ ਪੁਲਿਸ ਮੁਲਾਜ਼ਮਾਂ ਨੇ ਬਿਨਾਂ ਕਿਸੇ ਦਸਤਾਵੇਜ਼ੀ ਕਾਰਵਾਈ ਦੇ ਸ਼ਿਕਾਇਤਕਰਤਾ ਦਾ ਮੋਬਾਈਲ ਫੋਨ ਆਪਣੇ ਕੋਲ ਰੱਖ ਲਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਪੁਲਿਸ ਕਰਮਚਾਰੀ ਉਸਦਾ ਫ਼ੋਨ ਵਾਪਸ ਕਰਨ ਅਤੇ ਮਾਮਲੇ ‘ਚ ਉਸਦੀ ਮੱਦਦ ਕਰਨ ਲਈ 10,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ‘ਚ ਉਸਦੇ ਖ਼ਿਲਾਫ ਸਾਈਬਰ ਅਪਰਾਧ ਤਹਿਤ ਇੱਕ ਹੋਰ ਮਾਮਲਾ ਦਰਜ ਕਰਨ ਦੀ ਧਮਕੀ ਦੇ ਰਿਹਾ ਸੀ।
ਸ਼ਿਕਾਇਤ ਮੁਤਾਬਕ ਇਸ ਪੁਲਿਸ ਕਰਮਚਾਰੀ ਨੇ ਗੂਗਲ ਪੇਅ ਰਾਹੀਂ 4500 ਰੁਪਏ ਲਏ ਸਨ ਅਤੇ 5500 ਰੁਪਏ ਹੋਰ ਮੰਗ ਰਿਹਾ ਸੀ, ਹਾਲਾਂਕਿ ਉਸਦੀ ਬਦਲੀ ਕਿਸੇ ਹੋਰ ਥਾਂ ‘ਤੇ ਹੋ ਗਈ ਸੀ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ, ਇਸ ਸ਼ਿਕਾਇਤ ‘ਚ ਲਗਾਏ ਦੋਸ਼ ਸੱਚ ਸਾਬਤ ਹੋਏ। ਇਸ ਤੋਂ ਬਾਅਦ ਕਾਂਸਟੇਬਲ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13(2) ਦੇ ਨਾਲ-ਨਾਲ 13(1) A ਅਤੇ BNS ਦੀ ਧਾਰਾ 308(2), 308(3), 316(5), 336(2), 336(3), 340(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Read More: Vigilance Bureau: ਵਿਜੀਲੈਂਸ ਬਿਊਰੋ ਨੇ ਡਰਿੱਲ ਅਫ਼ਸਰ ਲਈ ਰਿਸ਼ਵਤ ਲੈਂਦਾ ਹੌਲਦਾਰ ਕੀਤਾ ਕਾਬੂ