ਜਲੰਧਰ/ਚੰਡੀਗੜ੍ਹ 22 ਨਵੰਬਰ 2024: ਜਲੰਧਰ ਕਮਿਸ਼ਨਰੇਟ ਪੁਲਿਸ (Jalandhar Police) ਨੇ ਜਲੰਧਰ ਦੇ ਪਿੰਡ ਫੋਲਰੀਵਾਲ ਦੇ ਬਾਹਰਵਾਰ ਇੱਕ ਮੁਕਾਬਲੇ ਤੋਂ ਬਾਅਦ ਕਥਿਤ ਲੰਡਾ ਗੈਂਗ ਦੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਦੇ ਕਬਜ਼ੇ ‘ਚੋਂ ਸੱਤ ਹਥਿਆਰ, ਛੇ ਮੈਗਜ਼ੀਨ ਅਤੇ ਛੇ ਕਾਰਤੂਸ ਬਰਾਮਦ ਕੀਤੇ ਹਨ।
ਇਸ ਸੰਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਜਸਕਰਨ ਉਰਫ ਕਰਨ, ਵਾਸੀ ਭੀਖਾ ਨੰਗਲ ਕਰਤਾਰਪੁਰ ਅਤੇ ਫਤਿਹਦੀਪ ਸਿੰਘ ਉਰਫ ਪ੍ਰਦੀਪ ਸੈਣੀ ਵਾਸੀ ਮੁਹੱਲਾ ਥਾਣੇਦਾਰ ਮੇਹਲੀ, ਫਗਵਾੜਾ ਵਜੋਂ ਹੋਈ ਹੈ। ਪੁਲਿਸ ਥਾਣਾ ਸਦਰ ਜਲੰਧਰ ‘ਚ ਦਰਜ ਹੋਏ ਮਾਮਲੇ ਦੇ ਸਬੰਧ ‘ਚ ਦੋਵਾਂ ਮੁਲਜਮਾਂ ਨੂੰ ਗਿ੍ਫ਼ਤਾਰ ਕੀਤਾ ਹੈ |
ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਪੁਲਿਸ ਨੂੰ ਜਲੰਧਰ ਕਮਿਸ਼ਨਰੇਟ ਖੇਤਰ (Jalandhar Police) ‘ਚ ਲੰਡਾ ਗੈਂਗ ਨਾਲ ਸਬੰਧਤ ਮੁਲਜ਼ਮਾਂ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਇੱਕ ਮੁਹਿੰਮ ਚਲਾਈ ਅਤੇ ਪਿੰਡ ਫੋਲਰੀਵਾਲ ਨੇੜੇ ਬਦਮਾਸ਼ਾਂ ਦੇ ਠਿਕਾਣਿਆਂ ਦਾ ਪਤਾ ਲਗਾਉਣ ‘ਚ ਸਫਲਤਾ ਮਿਲੀ।
ਡੀਜੀਪੀ ਦੇ ਮੁਤਾਬਕ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਪੁਲਿਸ ਟੀਮਾਂ ਨੇ ਕਾਫ਼ੀ ਮੁਸ਼ੱਕਤ ਨਾਲ ਬਦਮਾਸ਼ਾਂ ਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ ਅਤੇ ਇਸ ਦੌਰਾਨ ਬਦਮਾਸ਼ਾਂ ਨੇ ਪਿੱਛਾ ਕਰਨ ਵਾਲੀਆਂ ਪੁਲਿਸ ਟੀਮਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਿਸ ਪਾਰਟੀਆਂ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ | ਇਸ ਗੋਲੀਬਾਰੀ ਦੌਰਾਨ ਦੋਵਾਂ ਮੁਲਜ਼ਮਾਂ ਦੇ ਨਾਲ-ਨਾਲ ਦੋ ਪੁਲਿਸ ਮੁਲਾਜ਼ਮ ਵੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ, “ਆਪਰੇਸ਼ਨ ਦੌਰਾਨ ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।”
ਇਸ ਬਾਰੇ ਸੀ.ਪੀ ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਜਬਰੀ ਵਸੂਲੀ, ਕਤਲ ਅਤੇ ਗੁੰਡਾਗਰਦੀ ਸਮੇਤ ਕਈ ਅਪਰਾਧਾਂ ‘ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਗਿਰੋਹ ਦੇ ਹੋਰ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਅਤੇ ਅਪਰਾਧਿਕ ਸੰਗਠਨਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਸਨ।
ਸੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਬਦਮਾਸ਼ ਲੰਡਾ ਦੇ ਸਿੱਧੇ ਸੰਪਰਕ ‘ਚ ਸਨ ਅਤੇ ਆਪਣੇ ਵਿਰੋਧੀ ਗਿਰੋਹ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ।
ਉਨ੍ਹਾਂ ਦੱਸਿਆ ਕਿ ਜ਼ਖਮੀ ਬਦਮਾਸ਼ ਅਤੇ ਪੁਲਿਸ ਅਧਿਕਾਰੀ ਸਥਾਨਕ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਬਦਮਾਸ਼ ਨੈਟਵਰਕ ਅਤੇ ਹੋਰ ਅਪਰਾਧਿਕ ਸਮੂਹਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।