July 4, 2024 8:03 pm
Explosion

ਜਲੰਧਰ: ਘਰ ‘ਚ ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਧਮਾਕਾ, ਪਿਓ-ਪੁੱਤ ਦੀ ਮੌਤ

ਚੰਡੀਗੜ੍ਹ, 10 ਨਵੰਬਰ 2023: ਜਲੰਧਰ ‘ਚ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸਿਆ ਜਾ ਰਿਹਾ ਹੈ ਕਿ ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਧਮਾਕਾ (Explosion) ਹੋ ਗਿਆ। ਇਸ ਹਾਦਸੇ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਘਟਨਾ ਨਵੀਂ ਦਾਣਾ ਮੰਡੀ ਦੇ ਨਾਲ ਲੱਗਦੇ ਸਤਨਾਮ ਨਗਰ ਦੀ ਹੈ। ਆਪਣੀ ਜਾਨ ਗੁਆਉਣ ਵਾਲੇ ਪਿਓ-ਪੁੱਤ ਆਪਣੇ ਘਰ ਵਿੱਚ ਜਿੰਮ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਸਨ। ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ (45) ਅਤੇ ਉਸ ਦੇ ਪੁੱਤਰ ਜਸ਼ਨ ਸਿੰਘ (17) ਵਜੋਂ ਹੋਈ ਹੈ।

ਇਸ ਦਰਦਨਾਕ ਘਟਨਾ ਵਿੱਚ ਹਰਪਾਲ ਸਿੰਘ ਦੀ ਘਰਵਾਲੀ ਵੀ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ | ਪੁਲਿਸ ਨੇ ਹਰਪਾਲ ਸਿੰਘ ਅਤੇ ਜਸ਼ਨ ਸਿੰਘ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਫੋਰੈਂਸਿਕ ਟੀਮ ਸਮੇਤ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ।

ਧਮਾਕੇ (Explosion) ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਜਾਂਚ ਲਈ ਪਹੁੰਚੇ ਜਲੰਧਰ ਦੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਦੇ ਪਰਿਵਾਰ ‘ਚ ਕੁੱਲ 7 ਮੈਂਬਰ ਹਨ। ਹਾਦਸੇ ਸਮੇਂ ਚਾਰ ਜੀਅ ਘਰੋਂ ਬਾਹਰ ਗਏ ਹੋਏ ਸਨ। ਘਰ ਵਿੱਚ ਸਿਰਫ਼ ਹਰਪਾਲ ਸਿੰਘ, ਉਸ ਦੀ ਘਰਵਾਲੀ ਅਤੇ ਪੁੱਤ ਜਸ਼ਨ ਸਿੰਘ ਮੌਜੂਦ ਸਨ।

ਸਵੇਰੇ ਕਰੀਬ 11 ਵਜੇ ਹਰਪਾਲ ਸਿੰਘ ਆਪਣੇ ਲੜਕੇ ਜਸ਼ਨ ਸਿੰਘ ਨਾਲ ਰੋਜ਼ਾਨਾ ਦੀ ਤਰ੍ਹਾਂ ਜਿੰਮ ਦਾ ਸਾਮਾਨ ਪੈਕ ਕਰ ਰਿਹਾ ਸੀ। ਉਸੇ ਸਮੇਂ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੀ ਗਲੀ ‘ਚ ਹਫੜਾ-ਦਫੜੀ ਮਚ ਗਈ।