Jalandhar administration

ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ‘ਚ ਜੁਟਿਆ ਜਲੰਧਰ ਪ੍ਰਸ਼ਾਸਨ

ਜਲੰਧਰ, 11 ਜੁਲਾਈ 2025: ਜਲੰਧਰ ਪ੍ਰਸ਼ਾਸਨ (Jalandhar administration) ਨੇ ਬਰਸਾਤ ਦੇ ਮੌਸਮ ਦੌਰਾਨ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ‘ਚ ਸਥਿਤੀ ਪੂਰੀ ਤਰ੍ਹਾਂ ਆਮ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਨਹਿਰਾਂ, ਨਾਲਿਆਂ, ਪਾਣੀ ਦੇ ਨਿਕਾਸ ਵਾਲੇ ਰਸਤਿਆਂ ਦੀ ਸਫਾਈ, ਦਰਿਆਵਾਂ ਦੇ ਕਿਨਾਰਿਆਂ ਨੂੰ ਮਜ਼ਬੂਤ ​​ਕਰਨ ਅਤੇ ਪਿੰਡਾਂ ‘ਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਵਰਗੇ ਸਾਰੇ ਜ਼ਰੂਰੀ ਕੰਮ ਪਹਿਲਾਂ ਹੀ ਪੂਰੇ ਕਰ ਲਏ ਗਏ ਹਨ। ਜਲੰਧਰ ਪ੍ਰਸ਼ਾਸਨ ਨੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਠੋਸ ਅਤੇ ਵਿਆਪਕ ਪ੍ਰਬੰਧ ਕੀਤੇ ਹਨ।

ਜਲੰਧਰ (Jalandhar) ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹੇ ‘ਚ ਹੜ੍ਹ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਨਾਲ ਤੁਰੰਤ ਨਜਿੱਠਣ ਲਈ ਰੇਤ ਦੀਆਂ ਬੋਰੀਆਂ, ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ ਜੈਕੇਟ, ਰੱਸੀਆਂ, ਕਿਸ਼ਤੀਆਂ ਅਤੇ ਹੋਰ ਜ਼ਰੂਰੀ ਉਪਕਰਣ ਕਾਫ਼ੀ ਮਾਤਰਾ ‘ਚ ਤਿਆਰ ਰੱਖੇ ਗਏ ਹਨ।

ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤੇ ਗਏ ਹਨ, ਜਿੱਥੇ ਲੋਕ ਐਮਰਜੈਂਸੀ ਦੀ ਸਥਿਤੀ ‘ਚ ਸੰਪਰਕ ਕਰ ਸਕਦੇ ਹਨ। ਡਾ. ਅਗਰਵਾਲ ਨੇ ਦੱਸਿਆ ਕਿ ਹੜ੍ਹ ਸੁਰੱਖਿਆ ਲਈ ਮੌਕ ਡਰਿੱਲ ਵੀ ਕੀਤੇ ਗਏ ਹਨ। ਹਾਲ ਹੀ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਫੌਜ, ਐਨਡੀਆਰਐਫ, ਐਸਡੀਆਰਐਫ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ, ਸਤਲੁਜ ਦਰਿਆ ਦੇ ਕੰਢੇ ਸਥਿਤ ਤਲਵੰਡੀ ਕਲਾਂ ਪਿੰਡ ‘ਚ ਹੜ੍ਹ ਸੁਰੱਖਿਆ ਅਭਿਆਸ ਕੀਤਾ, ਤਾਂ ਜੋ ਕਿਸੇ ਵੀ ਸੰਕਟ ਦੇ ਸਮੇਂ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦਿੱਤੀ ਜਾ ਸਕੇ।

Read More: Jalandhar weather: ਜਲੰਧਰ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਭਰਿਆ ਪਾਣੀ, ਆਵਾਜਾਈ ਪ੍ਰਭਾਵਿਤ

Scroll to Top