ਮੋਹਾਲੀ, 06 ਅਗਸਤ 2025: ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਹਾਲੀ ‘ਚ ਇੱਕ ਜਲ ਭਵਨ ਬਣਾਇਆ ਜਾ ਰਿਹਾ ਹੈ | ਇੱਥੇ ਲੋਕਾਂ ਨੂੰ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠ ਮਿਲਣਗੀਆਂ। ਇਸ ਸੰਬੰਧੀ ਜਾਣਕਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਭਵਨ ਵਿਖੇ ਇਸ ਇਮਾਰਤ ਦੇ ਨਿਰਮਾਣ ਲਈ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇਮਾਰਤ ਦੋ ਸਾਲਾਂ ਦੇ ਅੰਦਰ ਪੂਰੀ ਹੋ ਜਾਵੇਗੀ। ਬੈਠਕ ‘ਚ ਆਰਕੀਟੈਕਚਰ ਵਿਭਾਗ ਦੇ ਮੁੱਖ ਆਰਕੀਟੈਕਟ ਵੱਲੋਂ ਜਲ ਭਵਨ ਦੇ ਨਿਰਮਾਣ ਸਬੰਧੀ ਇੱਕ ਪੇਸ਼ਕਾਰੀ ਵੀ ਦਿੱਤੀ।
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੋਲ ਮੋਹਾਲੀ ਜਾਂ ਚੰਡੀਗੜ੍ਹ ‘ਚ ਆਪਣੀ ਕੋਈ ਇਮਾਰਤ ਨਹੀਂ ਹੈ, ਜਿੱਥੇ ਵਿਭਾਗ ਦਾ ਸਾਰਾ ਸਟਾਫ ਇਕੱਠੇ ਬੈਠ ਸਕਦਾ ਹੈ। ਇਸ ਉਦੇਸ਼ ਲਈ ਇੱਕ ਆਧੁਨਿਕ ਅਤਿ-ਆਧੁਨਿਕ ਜਲ ਭਵਨ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸ ‘ਚ ਵਿਭਾਗ ਦੇ ਸਾਰੇ ਦਫ਼ਤਰ ਸਥਿਤ ਹੋਣਗੇ। ਇਸ ਨਾਲ ਦਫ਼ਤਰ ਦੇ ਕੰਮਕਾਜ ‘ਚ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਸੇਵਾਵਾਂ ਮਿਲਣਗੀਆਂ।
ਇਸ ਇਮਾਰਤ ‘ਚ ਇੱਕ ਵੱਡਾ ਆਡੀਟੋਰੀਅਮ, ਵੱਖ-ਵੱਖ ਕਿਸਮਾਂ ਦੇ ਕਾਨਫਰੰਸ ਹਾਲ, ਇੱਕ ਵੱਡਾ ਬੈਠਕ ਹਾਲ, ਇੱਕ ਜਿੰਮ, ਰੈਸਟ ਹਾਊਸ ਆਦਿ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਵਿਭਾਗ ਨਾਲ ਸਬੰਧਤ ਕੰਮ ਸਹੀ ਢੰਗ ਨਾਲ ਪੂਰਾ ਕੀਤਾ ਜਾ ਸਕੇ।
ਜਲ ਸਪਲਾਈ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਇਮਾਰਤ ਨੂੰ ਉੱਚ ਮਿਆਰਾਂ ਵਾਲਾ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਚੰਗੀ ਗੁਣਵੱਤਾ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਆਰਕੀਟੈਕਚਰ ਵਿਭਾਗ ਨੇ ਦੱਸਿਆ ਕਿ ਇਹ ਇਮਾਰਤ GRIHA/ECBC ਨਿਯਮਾਂ ਮੁਤਾਬਕ ਬਣਾਈ ਜਾਵੇਗੀ, ਤਾਂ ਜੋ ਭਵਿੱਖ ‘ਚ ਇਸ ਇਮਾਰਤ ‘ਚ ਕੰਮਕਾਜ ਦੀ ਲਾਗਤ ਘਟਾਈ ਜਾ ਸਕੇ।
ਪ੍ਰਮੁੱਖ ਸਕੱਤਰ ਨੀਲ ਕੰਠ ਅਵਾਡ ਨੇ ਦੱਸਿਆ ਕਿ ਵਿਭਾਗ ਕੋਲ ਕਰੋੜ ਰੁਪਏ ਦਾ ਬਜਟ ਪ੍ਰਬੰਧ ਹੈ। ਸਾਲ 2025-26 ਲਈ ਇਸ ਇਮਾਰਤ ਦੀ ਉਸਾਰੀ ਲਈ 10 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਅਤੇ ਜੇਕਰ ਇਹ ਬਜਟ ਲੋਕ ਨਿਰਮਾਣ ਵਿਭਾਗ ਵੱਲੋਂ ਨਵੰਬਰ-ਦਸੰਬਰ ਮਹੀਨੇ ਤੱਕ ਖਰਚ ਕੀਤਾ ਜਾਂਦਾ ਹੈ, ਤਾਂ ਵਿੱਤ ਵਿਭਾਗ ਨਾਲ ਹੋਰ ਬਜਟ ਮੁਹੱਈਆ ਕਰਵਾਉਣ ਲਈ ਸੰਪਰਕ ਕੀਤਾ ਜਾਵੇਗਾ।
Read More: ਮੋਹਾਲੀ ‘ਚ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਦਾ ਉਦਘਾਟਨ




