ਮੋਹਾਲੀ, 20 ਜੂਨ 2025: ਪੰਜਾਬ ਸਰਕਾਰ ਐਸਏਐਸ ਨਗਰ (ਮੋਹਾਲੀ) ‘ਚ ਜੇਲ੍ਹ ਵਿਭਾਗ ਦੇ ਮੁੱਖ ਦਫਤਰ, ਜੇਲ੍ਹ ਭਵਨ ਦੀ ਉਸਾਰੀ ਕਰੇਗੀ। ਇਸ ਸਬੰਧੀ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇਸਦਾ ਨੀਂਹ ਪੱਥਰ ਰੱਖਿਆ। ਇਸ ਨਵੇਂ ਹੈੱਡਕੁਆਰਟਰ ਦੀ ਉਸਾਰੀ ਮੌਜੂਦਾ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਸ਼ੁਰੂ ਕੀਤੀ ਹੈ |
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ ਪ੍ਰਣਾਲੀ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਨੂੰ ਅਤਿ-ਆਧੁਨਿਕ ਉਪਕਰਣਾਂ ਅਤੇ ਸਹੂਲਤਾਂ ਨਾਲ ਲੈਸ ਕਰ ਰਹੀ ਹੈ, ਉੱਥੇ ਜੇਲ੍ਹ ਵਿਭਾਗ ਦਾ ਇੱਕ ਵੱਖਰਾ ਮੁੱਖ ਦਫਤਰ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਆਧੁਨਿਕਤਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਵੱਲ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ‘ਜੇਲ੍ਹ ਭਵਨ’ ਨਾ ਸਿਰਫ਼ ਵਿਭਾਗ ਲਈ ਕੇਂਦਰੀਕ੍ਰਿਤ ਨੀਤੀ ਨਿਰਮਾਣ ‘ਚ ਮੱਦਦ ਕਰੇਗਾ, ਸਗੋਂ ਨਵੀਨਤਮ ਤਕਨਾਲੋਜੀਆਂ ਅਤੇ ਕਾਰਜਸ਼ੈਲੀ ਨੂੰ ਅਪਣਾਉਣ ‘ਚ ਵੀ ਮੱਦਦਗਾਰ ਸਾਬਤ ਹੋਵੇਗਾ।
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹੈੱਡਕੁਆਰਟਰ ਦੀ ਇਮਾਰਤ ਦੋ ਸਾਲਾਂ ‘ਚ 35 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਹਾਲਾਂਕਿ ਇਸਦੀ ਸਮਾਂ ਸੀਮਾ ਅਪ੍ਰੈਲ 2027 ਨਿਰਧਾਰਤ ਕੀਤੀ ਹੈ, ਪਰ ਠੇਕੇਦਾਰ ਨੂੰ ਦਸੰਬਰ 2026 ਤੱਕ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਇਮਾਰਤ ਦਾ ਨਿਰਮਾਣ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਸ ਨਾਲ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਬਿਹਤਰ ਕੰਮ ਦਾ ਮਾਹੌਲ ਮਿਲੇਗਾ, ਇਸਦੇ ਨਾਲ ਹੀ ਮੌਜੂਦਾ ਕਿਰਾਏ (7 ਲੱਖ ਪ੍ਰਤੀ ਮਹੀਨਾ, 84 ਲੱਖ ਸਾਲਾਨਾ) ਦੀ ਬੱਚਤ ਵੀ ਯਕੀਨੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਏਐਸਸੀ ਬਿਲਡਰ ਨੂੰ ਐਸਏਐਸ ਨਗਰ ਦੇ ਸੈਕਟਰ-68 ‘ਚ ਸਥਿਤ ਇਸ ਹੈੱਡਕੁਆਰਟਰ ਇਮਾਰਤ ਦੇ ਨਿਰਮਾਣ ਲਈ ਠੇਕਾ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਲਈ ਕੁੱਲ 35 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਮਾਰਤ ਦਾ ਕੁੱਲ ਪਲਾਟ ਖੇਤਰ 43,700 ਵਰਗ ਫੁੱਟ (1 ਏਕੜ) ਹੋਵੇਗਾ ਅਤੇ ਬਿਲਟ-ਅੱਪ ਖੇਤਰ 83,947.71 ਵਰਗ ਫੁੱਟ ਹੋਵੇਗਾ। ਇਸ ‘ਚ 115 ਕਾਰਾਂ ਦੀ ਪਾਰਕਿੰਗ ਸਮਰੱਥਾ ਹੋਵੇਗੀ।
ਇਸ ਇਮਾਰਤ ਵਿੱਚ ਇੱਕ ਬੇਸਮੈਂਟ ਅਤੇ ਪੰਜ ਮੰਜ਼ਿਲਾਂ ਹੋਣਗੀਆਂ ਅਤੇ ਐਸਕੇਲੇਟਰ, ਫਾਇਰ ਅਤੇ ਅਲਾਰਮ ਸਿਸਟਮ, ਲਿਫਟਾਂ, ਲੋਕਲ ਏਰੀਆ ਨੈੱਟਵਰਕ ਸਿਸਟਮ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ‘ਚ ਐਸ.ਟੀ.ਪੀ. ਸਿਸਟਮ, ਕੇਂਦਰੀ ਏਅਰ ਕੰਡੀਸ਼ਨਿੰਗ, ਸੂਰਜੀ ਊਰਜਾ ਉਤਪਾਦਨ ਪ੍ਰਣਾਲੀ, ਅੱਗ ਸੁਰੱਖਿਆ ਪ੍ਰਣਾਲੀ ਅਤੇ ਹੋਰ ਅਤਿ-ਆਧੁਨਿਕ ਸਹੂਲਤਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਇਮਾਰਤ ਜੇਲ੍ਹ ਵਿਭਾਗ ਲਈ ਇੱਕ ਕੁਸ਼ਲ ਹੈੱਡਕੁਆਰਟਰ ਵਜੋਂ ਕੰਮ ਕਰੇਗੀ ਅਤੇ ਸਟਾਫ਼ ਅਤੇ ਅਧਿਕਾਰੀਆਂ ਨੂੰ ਇੱਕ ਆਧੁਨਿਕ, ਕੁਸ਼ਲ ਕਾਰਜ ਸਥਾਨ ਪ੍ਰਦਾਨ ਕਰੇਗੀ।
Read More: ਮੋਹਾਲੀ ਪੁਲਿਸ ਵੱਲੋਂ ਜਾਅਲੀ ਅੰਤਰਰਾਸ਼ਟਰੀ ਕੰਪਨੀ ਦਾ ਪਰਦਾਫਾਸ਼, 8 ਜਣੇ ਗ੍ਰਿਫਤਾਰ