ਪਟਿਆਲਾ, 26 ਜੁਲਾਈ 2023: ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਹਲਕਾ ਸਨੌਰ (SANAUR) ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਇਲਾਕੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਵੀ ਵੰਡੀਆਂ। ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਹਿਲਾਂ ਦੇਵੀਗੜ੍ਹ ਰੋਡ ਦੇ ਉਸ ਹਿੱਸੇ ਦਾ ਦੌਰਾ ਕੀਤਾ ਜੋ ਹੜ੍ਹਾਂ ਕਾਰਨ ਢਹਿ ਗਿਆ ਸੀ ਅਤੇ ਫਿਰ ਨਾਲ ਲੱਗਦੇ ਪਿੰਡ ਰੋੜ ਜਗੀਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਲੋੜਵੰਦ ਲੋਕਾਂ ਨੂੰ ਪੀਣ ਵਾਲਾ ਪਾਣੀ, ਖਾਣ-ਪੀਣ ਦੀਆਂ ਵਸਤਾਂ ਅਤੇ ਤਰਪਾਲਾਂ ਵੰਡੀਆਂ।
ਇਲਾਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਦੱਸਿਆ ਕਿ, “ਮੈਨੂੰ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਸਾਡੇ ਵਰਕਰਾਂ ਤੋਂ ਖਬਰਾਂ ਆਈਆਂ ਸਨ ਕਿ ਸਨੌਰ ਦੇ ਕਈ ਪਿੰਡ ਅਤੇ ਖੇਤ ਅਜੇ ਵੀ ਪਾਣੀ ‘ਚ ਡੁੱਬੇ ਹੋਏ ਹਨ ਅਤੇ ਰਾਤ ਭਰ ਪਏ ਮੀਂਹ ਕਾਰਨ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ। ਮੈਂ ਸਭ ਤੋਂ ਪਹਿਲਾਂ ਦੇਵੀਗੜ੍ਹ ਰੋਡ ਜੋ ਕਿ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਦਾ ਦੌਰਾ ਕੀਤਾ ਅਤੇ ਆਸ-ਪਾਸ ਰਹਿੰਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ।”
ਉਸਨੇ ਅੱਗੇ ਕਿਹਾ, “ਮੈਂ ਪਿੰਡ ਰੋੜ ਜਗੀਰ ਦਾ ਵੀ ਦੌਰਾ ਕੀਤਾ ਹੈ ਅਤੇ ਲੋਕਾਂ ਦੇ ਘਰਾਂ ਅਤੇ ਖੇਤਾਂ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ ਹੈ। ਘਰਾਂ ਵਿੱਚ ਅਜੇ ਵੀ ਗੰਦਾ ਪਾਣੀ ਖੜ੍ਹਾ ਹੈ, ਕਈ ਘਰਾਂ ਵਿੱਚ ਹੜ੍ਹਾਂ ਕਾਰਨ ਤਰੇੜਾਂ ਆ ਗਈਆਂ ਹਨ ਅਤੇ ਉਨ੍ਹਾਂ ਦਾ ਸਾਰਾ ਸਮਾਨ ਤਬਾਹ ਹੋ ਗਿਆ ਹੈ। ਇਹ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੀ ਕਹਾਣੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਸਰਕਾਰ ਤੋਂ ਵਿਸ਼ੇਸ਼ ਮਦਦ ਦੀ ਲੋੜ ਹੈ।”