ਚੰਡੀਗੜ੍ਹ, 1 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ,ਅਤੇ ਅੱਜ ਨਾਮਜ਼ਦਗੀਆਂ ਭਰਨ ਦੀ ਵੀ ਆਖ਼ਰੀ ਤਾਰੀਖ਼ ਹੈ, 20 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ | ਜਿਸ ਸਭ ਦੇ ਚਲਦਿਆਂ ਜਗਮੋਹਨ ਸਿੰਘ ਕੰਗ, ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਪਾਰਟੀ ਵਿਚ ਸ਼ਾਮਲ ਹੋਣ ‘ਤੇ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਹੈ।
ਦੱਸ ਦੇਈਏ ਕਿ ਖਰੜ ਸੀਟ ਤੋਂ ਟਿਕਟ ਨੂੰ ਲੈ ਕੇ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਚੰਨੀ ‘ਤੇ ਦੋਸ਼ ਲਾਇਆ ਕਿ ਚੰਨੀ ਨੇ ਕੱਟ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੰਗ ਖਰੜ ਤੋਂ ਨਹੀਂ ਜਿੱਤ ਸਕਦੇ। ਜਗਮੋਹਨ ਕੰਗ ਨੇ ਕਾਂਗਰਸ ਵਿਰੁੱਧ ਬਗਾਵਤ ਕਰਦਿਆਂ ਕਿਹਾ ਕਿ ਚੰਨੀ ਨੇ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਹੈ। ਇਸ ਕਾਰਨ ਉਨ੍ਹਾਂ ਪੰਜਾਬ ਇਨਫੋਟੈਕ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਜਗਮੋਹਨ ਸਿੰਘ ਕੰਗ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਪੁੱਤਰ ਯਾਦਵਿੰਦਰ ਸਿੰਘ ਕੰਗ ਲਈ ਟਿਕਟ ਦੀ ਮੰਗ ਕੀਤੀ ਸੀ ਪਰ ਹਾਈਕਮਾਂਡ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ, ਜਿਸ ਤੋਂ ਬਾਅਦ ਹੁਣ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।