ਚੰਡੀਗੜ੍ਹ, 30 ਨਵੰਬਰ, 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈ.ਐਮ.ਸੀ.ਏ, ਫਰੀਦਾਬਾਦ ਵਿਖੇ ਪ੍ਰਸਿੱਧ ਭਾਰਤੀ ਵਿਗਿਆਨੀ ਅਚਾਰੀਆ ਜਗਦੀਸ਼ ਚੰਦਰ ਬੋਸ (Jagadish Chandra Bose) ਦੀ 165ਵੀਂ ਜਯੰਤੀ ਸਮਾਗਮ ਵਿੱਚ ਹਿੱਸਾ ਲਿਆ।
ਯੂਨੀਵਰਸਿਟੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਜਗਦੀਸ਼ ਚੰਦਰ ਬੋਸ ਦੀ ਮੂਰਤੀ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਨੋਹਰ ਲਾਲ ਨੇ ਜਗਦੀਸ਼ ਚੰਦਰ ਬੋਸ ਦੇ ਯੋਗਦਾਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਨੌਜਵਾਨ ਖੋਜੀਆਂ ਲਈ ਇਕ ਮਿਸਾਲ ਹੈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਵਰਨਣਯੋਗ ਹੈ ਕਿ ਵਿਗਿਆਨ ਦੇ ਖੇਤਰ ਵਿਚ ਜਗਦੀਸ਼ ਚੰਦਰ ਬੋਸ (Jagadish Chandra Bose) ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਾਲ 2018 ਵਿਚ ਯੂਨੀਵਰਸਿਟੀ ਦਾ ਨਾਂ ਜਗਦੀਸ਼ ਚੰਦਰ ਬੋਸ ਦੇ ਨਾਂ ‘ਤੇ ਰੱਖਿਆ ਗਿਆ ਸੀ, ਜਿਸ ਦਾ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ 2017 ਵਿਚ ਯੂਨੀਵਰਸਿਟੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਕੀਤਾ ਸੀ।
ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਕੁਮਾਰ ਤੋਮਰ ਨੇ ਮੁੱਖ ਮੰਤਰੀ ਨੂੰ ਯੂਨੀਵਰਸਿਟੀ ਦੀਆਂ ਵਿਦਿਅਕ ਅਤੇ ਵਿਕਾਸ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਹਰਿਆਣਾ ਦੇ ਉਚੇਰੀ ਸਿੱਖਿਆ ਮੰਤਰੀ ਮੂਲਚੰਦ ਸ਼ਰਮਾ, ਜੇ.ਸੀ ਬੋਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਕੁਮਾਰ ਤੋਮਰ, ਵਿਧਾਇਕ ਨਰੇਂਦਰ ਗੁਪਤਾ, ਸ਼੍ਰੀਮਤੀ ਸੀਮਾ ਤ੍ਰਿਖਾ, ਯੂਨੀਵਰਸਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ