ITI Punjab

ITI Punjab: ਪੰਜਾਬ ‘ਚ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਦਾਖਲਿਆਂ ‘ਚ ਭਾਰੀ ਵਾਧਾ ਦਰਜ

ਚੰਡੀਗੜ੍ਹ 24 ਦਸੰਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਤਾਬਕ ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਅਧਾਰਤ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਅਤੇ ਤਕਨੀਕੀ ਸਿੱਖਿਆ ਦੇ ਖੇਤਰ ‘ਚ ਵੱਡੀਆਂ ਸਕਾਰਾਤਮਕ ਤਬਦੀਲੀਆਂ ਦੇ ਨਤੀਜੇ ਵਜੋਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) (ITI Punjab) ‘ਚ ਦਾਖਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।

ਸਰਕਾਰ ਮੁਤਾਬਕ ਉਦਯੋਗਿਕ ਖੇਤਰ ‘ਚ ਵੱਧਦੀ ਮੰਗ ਦੇ ਮੱਦੇਨਜ਼ਰ 2025 ਤੱਕ ਕੁੱਲ ਸੀਟਾਂ ਦੀ ਗਿਣਤੀ 52,000 ਤੱਕ ਵਧਾਉਣ ਦੇ ਉਦੇਸ਼ ਨਾਲ ਇਸ ਸਾਲ ਸਰਕਾਰੀ ਆਈ.ਟੀ.ਆਈ. 25 ਫੀਸਦੀ ਸੀਟਾਂ ਵਧਾਈਆਂ ਗਈਆਂ ਹਨ। ਮੌਜੂਦਾ ਸੈਸ਼ਨ 2024-25 ‘ਚ 137 ਸਰਕਾਰੀ ਆਈ.ਟੀ.ਆਈ. 93.04 ਫੀਸਦੀ ਸੀਟਾਂ ਭਰੀਆਂ ਗਈਆਂ ਹਨ। ਉਦਯੋਗਿਕ ਮੰਗਾਂ ਮੁਤਾਬਕ ਸਿਖਲਾਈ ਪ੍ਰਦਾਨ ਕਰਨ ਲਈ ਉਦਯੋਗਿਕ ਖੇਤਰ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ‘ਚ ਦੋਹਰੀ ਹੁਨਰ ਸਿਖਲਾਈ (ਡੀਐਸਟੀ) ਪ੍ਰਣਾਲੀ ਸ਼ੁਰੂ ਕੀਤੀ ਹੈ।

ਉਦਯੋਗਿਕ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਕਨੀਕੀ ਸਿੱਖਿਆ ਅਤੇ ਸਿਖਲਾਈ ਵਿਭਾਗ ਨੇ 2022-23 ਦੇ ਅਕਾਦਮਿਕ ਸੈਸ਼ਨ ‘ਚ 27 ਨਵੇਂ ਉਦਯੋਗ-ਮੁਖੀ ਕੋਰਸ, ਜਿਵੇਂ ਕਿ ਐਗਰੋ ਪ੍ਰੋਸੈਸਿੰਗ, ਬੇਕਰ ਅਤੇ ਕਨਫੈਕਸ਼ਨਰ, ਇਲੈਕਟ੍ਰੋਪਲੇਟਰ, ਸੋਲਰ ਟੈਕਨੀਸ਼ੀਅਨ, ਅਤੇ ਟੈਕਸਟਾਈਲ ਵੈੱਟ ਪ੍ਰੋਸੈਸਿੰਗ ਟੈਕਨੀਸ਼ੀਅਨ ਆਦਿ ਦੀ ਸ਼ੁਰੂਆਤ ਕੀਤੀ ਹੈ |

ਵਿਭਾਗ ਨੇ ਐਮ.ਪੀ.ਐਲ.ਏ.ਡੀ. ਸਕੀਮ ਤਹਿਤ ਲੁਧਿਆਣਾ, ਪਟਿਆਲਾ, ਮੋਹਾਲੀ, ਸੁਨਾਮ ਅਤੇ ਮਾਣਕਪੁਰ ਸ਼ਰੀਫ਼ ‘ਚ ਪੰਜ ਸਰਕਾਰੀ ਆਈ.ਟੀ.ਆਈ. ਨੂੰ ਅਪਗ੍ਰੇਡ ਕੀਤਾ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਾਲ ਅਕਾਦਮਿਕ ਸਹਿਯੋਗ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਸਾਂਝੇਦਾਰੀ ਦਾ ਉਦੇਸ਼ H.B.C.H. ਅਤੇ ਆਰ.ਸੀ. ‘ਚ ਪੌਲੀਟੈਕਨਿਕ ਅਤੇ ਆਈ.ਟੀ.ਆਈ ਵਿਦਿਆਰਥੀਆਂ ਦੀ ਇੰਟਰਨਸ਼ਿਪ ਕਰਵਾਉਣਾ ਹੈ।

ਤਕਨੀਕੀ ਸਿੱਖਿਆ ਵਿਭਾਗ ਵੱਲੋਂ ਪੰਜਾਬ ‘ਚ ਆਈ.ਟੀ.ਆਈ. (ITI Punjab) ਨੂੰ ਮਜ਼ਬੂਤ ​​ਕਰਨ ਅਤੇ ਅਪਗ੍ਰੇਡ ਕਰਨ ਲਈ ਨਿਵੇਸ਼ ਆਕਰਸ਼ਿਤ ਕਰਨ ‘ਚ ਸਫਲ ਰਿਹਾ ਹੈ। 23 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਸਟ੍ਰਾਈਵ ਤਹਿਤ ਅੱਪਗ੍ਰੇਡ ਕੀਤਾ ਹੈ। ਵਰਕਸ਼ਾਪਾਂ ਨੂੰ ਅਪਗ੍ਰੇਡ ਕਰਨ ਲਈ ਨਵੀਨਤਮ ਮਸ਼ੀਨਰੀ ਖਰੀਦਣ ਲਈ 12.72 ਕਰੋੜ ਰੁਪਏ ਖਰਚ ਕੀਤੇ ਹਨ।

ਸੂਬੇ ‘ਚ 25 ਨਵੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਸਥਾਪਿਤ ਕੀਤੀਆਂ ਹਨ। ਵਿੱਤੀ ਸਾਲ 2023-24 ‘ਚ ਸਿਵਲ ਕੰਮਾਂ ‘ਤੇ 15 ਕਰੋੜ ਰੁਪਏ ਅਤੇ ਮਸ਼ੀਨਰੀ ਦੀ ਖਰੀਦ ‘ਤੇ 1 ਕਰੋੜ ਰੁਪਏ ਖਰਚ ਕੀਤੇ ਹਨ। ਵਿੱਤ ਵਿਭਾਗ ਵੱਲੋਂ ਵਿੱਤੀ ਸਾਲ 2024-25 ਲਈ 15 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ।

Read More: ਪੰਜਾਬ ‘ਚ ਗ਼ੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਖ਼ਤ ਐਕਸ਼ਨ, 1169 ਮਾਮਲੇ ਦਰਜ ਤੇ 867 ਕੱਟੇ ਚਲਾਨ

Scroll to Top