ਚੰਡੀਗੜ੍ਹ, 13 ਅਕਤੂਬਰ 2024: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਅਜੀਤ ਧੜੇ ਦੇ ਸੀਨੀਅਰ ਆਗੂ ਬਾਬਾ ਸਿੱਦੀਕੀ (Baba Siddiqui) ਦਾ ਮੁੰਬਈ ਦੇ ਬਾਂਦਰਾ ਈਸਟ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ | ਮੁੰਬਈ ਦੇ ਕੂਪਰ ਹਸਪਤਾਲ ‘ਚ ਬਾਬਾ ਸਿੱਦੀਕੀ ਦੀ ਲਾਸ਼ ਦਾ ਪੋਸਟਮਾਰਟਮ ਹੋਇਆ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਕੂਪਰ ਹਸਪਤਾਲ ਪਹੁੰਚੇ । ਓਹਨਾ ਨੇ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਪਵਾਰ ਨੇ ਕਿਹਾ, ‘ਮੁੰਬਈ ‘ਚ ਕੱਲ੍ਹ ਵਾਪਰੀ ਘਟਨਾ ‘ਤੇ ਯਕੀਨ ਨਹੀਂ ਹੋ ਰਿਹਾ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ 5 ਟੀਮਾਂ ਬਣਾਈਆਂ ਗਈਆਂ ਹਨ। ਵੱਖ-ਵੱਖ ਸੂਬਿਆਂ ‘ਚ ਜਾਂਚ ਟੀਮਾਂ ਭੇਜੀਆਂ ਗਈਆਂ ਹਨ। ਸੀਐਮ ਸ਼ਿੰਦੇ, ਗ੍ਰਹਿ ਮੰਤਰੀ ਫੜਨਵੀਸ ਅਤੇ ਮੈਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ। 2-3 ਦਿਨਾਂ ‘ਚ ਪਤਾ ਲੱਗ ਜਾਵੇਗਾ ਕਿ ਇਸ ਘਟਨਾ ਦਾ ਮਾਸਟਰਮਾਈਂਡ ਕੌਣ ਹੈ। ਇਹ ਭਰੋਸਾ ਮੁੱਖ ਮੰਤਰੀ ਨੇ ਵੀ ਦਿੱਤਾ ਹੈ।
ਹੁਣ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਬਾਂਦਰਾ ਸਥਿਤ ਉਨ੍ਹਾਂ ਦੀ ਰਿਹਾਇਸ਼ ਮਕਬਾ ਹਾਈਟਸ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਸਿੱਦੀਕੀ (Baba Siddiqui) ਨੂੰ ਰਾਤ 8:30 ਵਜੇ ਮਰੀਨ ਲਾਈਨਜ਼ ਸਟੇਸ਼ਨ ਦੇ ਸਾਹਮਣੇ ਵੱਡਾ ਕਬਰਿਸਤਾਨ ‘ਚ ਸਪੁਰਦ-ਏ -ਖ਼ਾਕ ਕੀਤਾ ਜਾਵੇਗਾ |
ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਦੋ ਜਣਿਆਂ ਧਰਮਰਾਜ ਕਸ਼ਯਪ ਅਤੇ ਗੁਰਮੇਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੀਡਿਆ ਖ਼ਬਰਾਂ ਮੁਤਾਬਕ ਲਾਰੇਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ 3 ਸ਼ੂਟਰਾਂ ‘ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਸ਼ਿਵ ਕੁਮਾਰ ਫਰਾਰ ਹੈ। ਇੱਕ ਸ਼ੂਟਰ ਹਰਿਆਣਾ ਦਾ ਅਤੇ 2 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ 40 ਦਿਨਾਂ ਤੋਂ ਮੁੰਬਈ ‘ਚ ਰਹੇ ਸਨ ਅਤੇ ਸਿੱਦੀਕੀ ਦੇ ਘਰ ਅਤੇ ਬੇਟੇ ਦੇ ਦਫਤਰ ਦੀ ਰੇਕੀ ਕੀਤੀ ਸੀ |