MLA Kulwant Singh

ਪੰਜਾਬ ਦੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇਣੀ ਬੇਹੱਦ ਜਰੂਰੀ: ਵਿਧਾਇਕ ਕੁਲਵੰਤ ਸਿੰਘ

ਐਸ.ਏ.ਐਸ 28 ਮਈ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ‘ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਮੋਹਾਲੀ ਦੇ ਪਿੰਡ ਤੜੌਲੀ, ਠਸਕਾ, ਹੁਸੈਨਪੁਰ ਅਤੇ ਪਿੰਡ ਝਾਂਮਪੁਰ ਵਿਖੇ ਰੱਖੇ ਵੱਖ-ਵੱਖ ਪ੍ਰੋਗਰਾਮਾਂ ‘ਚ ਪਿੰਡ ਵਾਸੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਨਸ਼ਿਆਂ ਦੇ ਖ਼ਿਲਾਫ਼ ਇੱਕਠੇ ਹੋਣ ਦੀ ਸਹੁੰ ਚੁਕਾਈ |

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਲਈ ਨਸ਼ਿਆਂ ਦੀ ਦਲਦਲ ‘ਚ ਫਸ ਚੁੱਕੇ ਨੌਜਵਾਨ ਵਰਗ ਨੂੰ ਕੱਢਣ ਦੀ ਬੇਹੱਦ ਲੋੜ ਹੈ | ਇਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ | ਇਸਦੇ ਨਾਲ ਹੀ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੂੰ ਕਿੱਤਾਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ |

ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਜਿਨ੍ਹਾਂ ਪਿੰਡਾਂ ‘ਚ ਉਨ੍ਹਾਂ ਨੂੰ ਜਾਣ ਦਾ ਮੌਕਾ ਮਿਲਦਾ ਹੈ, ਉਥੋਂ ਦੇ ਨੌਜਵਾਨ ਵਰਗ, ਬੱਚੇ ਅਤੇ ਖ਼ਾਸ ਕਰਕੇ ਔਰਤਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ‘ਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ |

ਵਿਧਾਇਕ ਨੇ ਕਿਹਾ ਕਿ ਹਰ ਕੋਈ ਆਪੋ-ਆਪਣੇ ਢੰਗ ਨਾਲ ਇਸ ਮੁਹਿੰਮ ਦੇ ‘ਚ ਆਪਣਾ ਯੋਗਦਾਨ ਪਾ ਰਿਹਾ ਹੈ, ਤਾਂ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਥਾਂ ਤੇ ਖੇਡ ਮੈਦਾਨ ਵੱਲ ਤੋਰਿਆ ਜਾ ਸਕੇ। ਕੁਲਵੰਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਕੋਈ ਵੀ ਮੁਹਿੰਮ ਜਾਂ ਸਕੀਮ ਤਾਂ ਹੀ ਸਹੀ ਮਾਇਨਿਆਂ ਦੇ ‘ਚ ਲਾਗੂ ਹੋ ਸਕਦੀ ਹੈ, ਜੇਕਰ ਉਸ ਦੇ ‘ਚ ਸੂਬੇ ਦੀ ਜਨਤਾ ਅਗਾਂਹ ਹੋ ਕੇ ਪਹਿਲਕਦਮੀ ਕਰਨ ਅਤੇ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ ਲੋਕਾਂ ਨੇ, ਖ਼ਾਸ ਕਰਕੇ ਨੌਜਵਾਨ ਵਰਗ ਇਸ ਮੁਹਿੰਮ ਦੇ ‘ਚ ਪਹਿਲਕਦਮੀ ਕਰਦਾ ਪ੍ਰਤੀਤ ਹੋ ਰਿਹਾ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨੌਜਵਾਨਾਂ ਨੂੰ ਇਸ ਦੇ ਲਈ ਜਾਗਰੂਕ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੇ ਲਈ ਪੰਜਾਬ ਦੇ ‘ਚ ਇੱਕ ਅਜਿਹਾ ਖੁਸ਼ਹਾਲੀ ਭਰਿਆ ਮਾਹੌਲ ਦਿੱਤਾ ਜਾਵੇਗਾ, ਤਾਂ ਕਿ ਉਹ ਖੁਦ ਆਪਣੀ ਮਰਜ਼ੀ ਨਾਲ ਉਤਸ਼ਾਹ ਦੇ ਰੂਪ ‘ਚ ਇਸ ਮੁਹਿੰਮ ਦੇ ‘ਚ ਸ਼ਾਮਲ ਹੋਣ। ਇਸ ਦੇ ਲਈ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇ, ਪੰਚਾਇਤ ਮੈਂਬਰ ਉਨ੍ਹਾਂ ਨੂੰ ਪੂਰਾ ਸਹਿਯੋਗ ਕਰ ਰਹੇ ਹਨ।

Read More: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਮੋਹਾਲੀ ਵਿਖੇ ਵਰਿਕੰਗ ਵੂਮੇਨ ਹੋਸਟਲ ਬਣਾਉਣ ਦਾ ਮੁੱਦਾ ਚੁੱਕਿਆ

Scroll to Top