ਚੰਡੀਗੜ੍ਹ 01 ਮਾਰਚ 2022: ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਮਿਸਰ ‘ਚ ਚੱਲ ਰਹੇ ISSF ਵਿਸ਼ਵ ਕੱਪ ‘ਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ। 19 ਸਾਲਾ ਸੌਰਭ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਜਰਮਨੀ ਦੇ ਮਾਈਕਲ ਸਵਲਡ ਨੂੰ 16-6 ਨਾਲ ਹਰਾਇਆ। ਕਾਂਸੀ ਦਾ ਤਗਮਾ ਰੂਸ ਦੇ ਆਰਟੇਮ ਚੇਰਨੋਸੋਵ ਨੇ ਜਿੱਤਿਆ, ਹਾਲਾਂਕਿ ਸਕੋਰ ਬੋਰਡ ‘ਤੇ ਉਸ ਦੇ ਦੇਸ਼ ਦਾ ਝੰਡਾ ਨਹੀਂ ਦਿਖਾਇਆ ਗਿਆ ਸੀ।
ਏਸ਼ੀਆਈ ਚੈਂਪੀਅਨ ਸੌਰਭ ਚੌਧਰੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 585 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹਿ ਕੇ ਸੈਮੀਫਾਈਨਲ ‘ਚ ਪਹੁੰਚ ਗਿਆ ਸੀ। ਇੱਥੇ ਉਹ 38 ਅੰਕਾਂ ਨਾਲ ਸਿਖਰ ‘ਤੇ ਰਿਹਾ ਅਤੇ ਫਾਈਨਲ ‘ਚ ਥਾਂ ਬਣਾਈ। ਖ਼ਿਤਾਬੀ ਮੈਚ ‘ਚ ਉਸਦੀ ਸ਼ੁਰੂਆਤ ਖਰਾਬ ਰਹੀ ਅਤੇ ਛੇ ਰਾਊਂਡਾਂ ‘ਚ ਚਾਰ ਖਿਡਾਰੀਆਂ ‘ਚੋਂ ਚੌਥੇ ਸਥਾਨ ‘ਤੇ ਰਿਹਾ। ਪਰ ਇਸ ਤੋਂ ਬਾਅਦ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਫਿਰ ਨੌਂ ਰਾਊਂਡਾਂ ਦੇ ਮੁਕਾਬਲੇ ਮਗਰੋਂ ਸਿਖਰ ’ਤੇ ਪਹੁੰਚ ਗਿਆ।