ਚੰਡੀਗੜ੍ਹ, 31 ਅਕਤੂਬਰ 2023: ਕਰਨਾਟਕ ਸਰਕਾਰ ਦਾ ਰਾਜਯੋਤਸਵ ਪੁਰਸਕਾਰ ਇਸ ਸਾਲ ਇਸਰੋ (ISRO) ਦੇ ਮੁਖੀ ਐਸ ਸੋਮਨਾਥ ਸਮੇਤ 68 ਜਣਿਆਂ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਜਾਵੇਗਾ। ਇਹ ਰਾਜ ਸਰਕਾਰ ਦੁਆਰਾ ਹਰ ਸਾਲ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ। ਇਹ 1 ਨਵੰਬਰ ਨੂੰ ਸੂਬੇ ਦੇ ਸਥਾਪਨਾ ਦਿਵਸ ਮੌਕੇ ਦਿੱਤਾ ਜਾਵੇਗਾ।
ਕੰਨੜ ਅਤੇ ਸੱਭਿਆਚਾਰ ਮੰਤਰੀ ਸ਼ਿਵਰਾਜ ਤੰਗਦਾਗੀ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਸੂਰ ਸੂਬੇ ਦਾ ਨਾਂ ਬਦਲ ਕੇ ਕਰਨਾਟਕ ਕਰਨ ਦੀ ਗੋਲਡਨ ਜੁਬਲੀ ਮੌਕੇ ‘ਕਰਨਾਟਕ ਸੰਭਰਾਮ’ ਸਮਾਗਮ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ 68 ਰਾਜਯੋਤਸਵ ਪੁਰਸਕਾਰਾਂ ਤੋਂ ਇਲਾਵਾ 10 ਪੁਰਸਕਾਰ ਜੇਤੂਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਰਸਕਾਰ ਜੇਤੂਆਂ ਦੀ ਚੋਣ ਕਰਦੇ ਸਮੇਂ ਹਰ ਜ਼ਿਲ੍ਹੇ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਪੁਰਸਕਾਰ ਜੇਤੂਆਂ ਵਿੱਚ 13 ਔਰਤਾਂ, 54 ਪੁਰਸ਼ ਅਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ। ਪੁਰਸਕਾਰ ਜੇਤੂਆਂ ਨੂੰ 5 ਲੱਖ ਰੁਪਏ ਨਕਦ ਅਤੇ 25 ਗ੍ਰਾਮ ਸੋਨੇ ਦਾ ਤਗਮਾ ਦਿੱਤਾ ਜਾਵੇਗਾ।