ਚੰਡੀਗੜ੍ਹ, 19 ਅਕਤੂਬਰ 2023: (Israel-Hamas War) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫਿਲੀਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫੋਨ ‘ਤੇ ਗੱਲ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਜੰਗ ਪ੍ਰਭਾਵਿਤ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਚ ਨਾਗਰਿਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਬਕੌਲ ਏਜੰਸੀ ਮੁਤਾਬਕ ਫਿਲੀਸਤੀਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਫਲਸਤੀਨੀ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਭੇਜਣਾ ਜਾਰੀ ਰੱਖਾਂਗੇ।
ਜੰਗ ਪ੍ਰਭਾਵਿਤ ਗਾਜ਼ਾ ਵਿੱਚ ਇੱਕ ਹਸਪਤਾਲ ਉੱਤੇ ਰਾਕੇਟ ਹਮਲੇ ਕਾਰਨ 500 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਨੂੰ ਲੈ ਕੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਹਾਲਾਂਕਿ, ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਹਸਪਤਾਲ ਹਮਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ।