ਚੰਡੀਗੜ੍ਹ, 29 ਸਤੰਬਰ 2023: ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ (Maneka Gandhi) ਦੇ ਇਸਕਾਨ (ISKCON) ਖ਼ਿਲਾਫ਼ ਦਿੱਤੇ ਬਿਆਨ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸਕੋਨ ਕੋਲਕਾਤਾ ਦੇ ਉਪ ਪ੍ਰਧਾਨ ਰਾਧਾਰਮਣ ਦਾਸ ਨੇ ਕਿਹਾ ਹੈ ਕਿ ਉਹ ਮੇਨਕਾ ਗਾਂਧੀ ਦੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕਰਨਗੇ। ਇਸ ਸਬੰਧੀ ਮੇਨਕਾ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਬਿਨਾਂ ਕਿਸੇ ਤੱਥ ਦੇ ਅਜਿਹੇ ਝੂਠੇ ਦੋਸ਼ ਕਿਵੇਂ ਲਗਾ ਸਕਦਾ ਹੈ?
ਹਾਲ ਹੀ ‘ਚ ਮੇਨਕਾ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ‘ਚ ਉਨ੍ਹਾਂ ਨੇ ਇਸਕਾਨ ‘ਤੇ ਕਸਾਈਆਂ ਨੂੰ ਗਾਵਾਂ ਵੇਚਣ ਦਾ ਗੰਭੀਰ ਦੋਸ਼ ਲਗਾਇਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸਕਾਨ ਨੂੰ ਦੇਸ਼ ਦਾ ਸਭ ਤੋਂ ਵੱਡਾ ਧੋਖੇਬਾਜ਼ ਸੰਗਠਨ ਦੱਸਿਆ ਸੀ।
ਮੇਨਕਾ ਗਾਂਧੀ (Maneka Gandhi) ਨੇ ਕਿਹਾ, “ਮੈਂ ਅਨੰਤਪੁਰ ਗਊਸ਼ਾਲਾ ਗਈ, ਜੋ ਇਸਕਾਨ ਦੁਆਰਾ ਚਲਾਈ ਜਾਂਦੀ ਹੈ। ਉੱਥੇ ਗਾਵਾਂ ਦੀ ਹਾਲਤ ਬਹੁਤ ਖ਼ਰਾਬ ਸੀ। ਗਊਸ਼ਾਲਾ ਵਿੱਚ ਕੋਈ ਵੱਛਾ ਨਹੀਂ ਸੀ, ਮਤਲਬ ਕਿ ਉਹ ਵੱਛੇ ਵੇਚਦੇ ਹਨ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੰਸਥਾ ਇਹਨਾਂ ਗਊਆਂ ਨੂੰ ਕਸਾਈਆਂ ਨੂੰ ਵੇਚਦੀ ਹੈ ਜੋ ਉਹਨਾਂ ਨੂੰ ਮਾਰ ਦਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੇਨਕਾ ਗਾਂਧੀ ਦਾ ਇਹ ਵੀਡੀਓ ਕਰੀਬ ਇੱਕ ਮਹੀਨਾ ਪੁਰਾਣਾ ਹੈ।
ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਦੇ ਸੰਚਾਰ ਨਿਰਦੇਸ਼ਕ ਵ੍ਰਿਜੇਂਦਰ ਨੰਦਨ ਦਾਸ ਨੇ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, “ਇਸਕਾਨ ਮੇਨਕਾ ਗਾਂਧੀ ਵੱਲੋਂ ਦਿੱਤੇ ਗਏ ਝੂਠੇ ਬਿਆਨ ਦੀ ਨਿੰਦਾ ਕਰਦੀ ਹੈ। ਉਨ੍ਹਾਂ ਨੇ ਬੇਬੁਨਿਆਦ ਬਿਆਨ ਦਿੱਤਾ ਹੈ। ਉਨ੍ਹਾਂ ਕੋਲ 240 ਤੋਂ ਵੱਧ ਗਊਆਂ ਹਨ। ਇਸਕੋਨ ਦੀ ਅਨੰਤਪੁਰ ਗਊਸ਼ਾਲਾ ਵਿੱਚ, ਜੋ ਬਿਲਕੁਲ ਦੁੱਧ ਨਹੀਂ ਦਿੰਦੀਆਂ, ਉੱਥੇ ਸਿਰਫ਼ 18-19 ਗਊਆਂ ਹੀ ਦੁੱਧ ਦਿੰਦੀਆਂ ਹਨ। ਸਾਰੀਆਂ ਗਊਆਂ ਦੀ ਬਹੁਤ ਪਿਆਰ ਨਾਲ ਦੇਖਭਾਲ ਕੀਤੀ ਜਾਂਦੀ ਹੈ।”