ਚੰਡੀਗੜ੍ਹ/ਅੰਮ੍ਰਿਤਸਰ, 10 ਫਰਵਰੀ 2026: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਇੱਕ ਮੁਲਜ਼ਮ ਨੂੰ ਆਰਡੀਐਕਸ ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਦੀ ਆਈਐਸਆਈ -ਸਮਰਥਿਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਉਰਫ਼ ਗੱਜੂ ਵਾਸੀ ਚਮਰੰਗ ਰੋਡ, (ਅੰਮ੍ਰਿਤਸਰ) ਵਜੋਂ ਹੋਈ ਹੈ। ਮੁਲਜ਼ਮ ਅੰਮ੍ਰਿਤਸਰ ਦੇ ਇੱਕ ਸੈਲੂਨ ‘ਚ ਸਹਾਇਕ ਵਜੋਂ ਕੰਮ ਕਰਦਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤਾ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਨ ਵਾਲੇ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ‘ਚ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਰਾਹੁਲ ਨੇ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਸ਼ਹਿਰ ਦੇ ਬਾਹਰਵਾਰ ਇੱਕ ਨਿਰਧਾਰਤ ਸਥਾਨ ਤੋਂ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਡਿਵਾਈਸ ਨੂੰ ਪੀਵੀਸੀ ਪਾਈਪ ਕੇਸਿੰਗ ‘ਚ ਛੁਪਾਇਆ ਸੀ ਤਾਂ ਜੋ ਇਸ ਦਾ ਪਤਾ ਨਾ ਲੱਗ ਸਕੇ।
ਪੰਜਾਬ ਡੀਜੀਪੀ ਨੇ ਕਿਹਾ ਕਿ ਆਈਈਡੀ ਦੀ ਡਿਲੀਵਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਕਾਰਵਾਈ ਬਾਰੇ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਈਈਡੀ ਵਾਲੀ ਖੇਪ ਭੇਜਣ ਬਾਰੇ ਮਿਲੀ ਭਰੋਸੇਯੋਗ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਆਪਰੇਸ਼ਨ ਚਲਾਇਆ ਅਤੇ ਸ਼ੱਕੀ ਰਾਹੁਲ ਉਰਫ਼ ਗੱਜੂ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕਰ ਲਿਆ।
ਏਆਈਜੀ ਮੁਤਾਬਕ ਗ੍ਰਿਫ਼ਤਾਰ ਉਕਤ ਮੁਲਜ਼ਮ 2022 ‘ਚ ਆਪਣੇ ਵਿਦੇਸ਼ੀ ਹੈਂਡਲਰ ਦੇ ਪੰਜਾਬ ਦੌਰੇ ਦੌਰਾਨ ਉਸ ਦੇ ਸੰਪਰਕ ‘ਚ ਆਇਆ ਸੀ ਅਤੇ ਉਹ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹੈਂਡਲਰ ਨੇ ਸ਼ੁਰੂ ‘ਚ ਰਾਹੁਲ ਨੂੰ ਕੰਮ ਸੌਂਪਣ ਤੋਂ ਪਹਿਲਾਂ ਉਸਦੇ ਖਰਚਿਆਂ ਲਈ ਛੋਟੀਆਂ-ਛੋਟੀਆਂ ਰਕਮਾਂ ਦੇ ਕੇ ਉਸ ਨੂੰ ਜਾਲ ਵਿੱਚ ਫਸਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਪੁਲਿਸ ਨੇ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਹੈ |
Read More: Jalandhar News: ਈਡੀ ਵੱਲੋਂ ਜਲੰਧਰ ਦੀ ਨੇਚਰ ਹਾਈਟਸ ਇਨਫਰਾ ਕੰਪਨੀ ਦੀ ₹50 ਕਰੋੜ ਦੀ ਜਾਇਦਾਦ ਜ਼ਬਤ




