ਚੰਡੀਗੜ੍ਹ, 18 ਅਕਤੂਬਰ 2024: ਸੁਪਰੀਮ ਕੋਰਟ ਨੇ ਅਧਿਆਤਮਕ ਆਗੂ ਸਦਗੁਰੂ ਜੱਗੀ ਵਾਸੂਦੇਵ ਦੀ ਅਗਵਾਈ ਵਾਲੀ ਮਸ਼ਹੂਰ ਈਸ਼ਾ ਯੋਗਾ ਕੇਂਦਰ (Isha Yoga Center) ਨੂੰ ਵੱਡੀ ਰਾਹਤ ਦਿੰਦਿਆਂ ਹੈਬੀਅਸ ਕਾਰਪਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਦੀਆਂ ਧੀਆਂ ਦੇ ਉਸ ਬਿਆਨ ਨੂੰ ਸਵੀਕਾਰ ਕਰ ਲਿਆ, ਜਿਸ ‘ਚ ਦੋਵਾਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਦੇ ਆਸ਼ਰਮ ‘ਚ ਰਹਿ ਰਹੀਆਂ ਹਨ ਅਤੇ ਕਿਤੇ ਵੀ ਜਾਣ ਲਈ ਆਜ਼ਾਦ ਹਨ। ਦੋਵਾਂ ਬੀਬੀਆਂ ਦੀ ਉਮਰ 39 ਅਤੇ 42 ਸਾਲ ਹੈ।
ਜਿਕਰਯੋਗ ਹੈ ਕਿ ਇਹ ਪਟੀਸ਼ਨ ਇੱਕ ਪਿਤਾ ਵੱਲੋਂ ਦਾਇਰ ਕੀਤੀ ਗਈ ਸੀ ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਦੀਆਂ ਦੋ ਧੀਆਂ ਨੂੰ ਈਸ਼ਾ ਯੋਗ ਕੇਂਦਰ (Isha Yoga Center) ‘ਚ ਬੰਧਕ ਬਣਾਇਆ ਗਿਆ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਦੋਵਾਂ ਬੀਬੀਆਂ ਦੇ ਪਿਤਾ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ ‘ਤੇ ਸੁਣਵਾਈ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਹਾਲਾਂਕਿ, ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਦਾ ਈਸ਼ਾ ਯੋਗਾ ਕੇਂਦਰ ਦੇ ਖਿਲਾਫ ਲੰਬਿਤ ਹੋਰ ਮਾਮਲਿਆਂ ‘ਤੇ ਕੋਈ ਅਸਰ ਨਹੀਂ ਪਵੇਗਾ। ਕੋਰਟ ਨੇ ਆਪਣੇ ਫੈਸਲੇ ‘ਚ ਈਸ਼ਾ ਯੋਗਾ ਕੇਂਦਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ ਤੁਹਾਡੇ ਆਸ਼ਰਮ ‘ਚ ਬੀਬੀਆਂ ਅਤੇ ਨਾਬਾਲਗ ਬੱਚੇ ਹਨ ਤਾਂ ਤੁਹਾਨੂੰ ਇੱਕ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰਨ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ ਇਸ ਸਲਾਹ ਦਾ ਮਕਸਦ ਕਿਸੇ ਸੰਸਥਾ ਨੂੰ ਬਦਨਾਮ ਕਰਨਾ ਨਹੀਂ ਹੈ, ਸਗੋਂ ਇਹ ਦੱਸਣਾ ਹੈ ਕਿ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸੇਵਾਮੁਕਤ ਪ੍ਰੋਫ਼ੈਸਰ ਐਸ ਕਾਮਰਾਜ ਨੇ ਮਦਰਾਸ ਹਾਈ ਕੋਰਟ ‘ਚ ਫਾਊਂਡੇਸ਼ਨ (Isha Foundation) Sadhguru Jaggi Vasudevਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਚ ਦੋਸ਼ ਲਗਾਇਆ ਹੈ ਕਿ ਉਸ ਦੀਆਂ ਧੀਆਂ ਲਤਾ ਅਤੇ ਗੀਤਾ ਨੂੰ ਆਸ਼ਰਮ ‘ਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਮਦਰਾਸ ਹਾਈ ਕੋਰਟ ਨੇ 30 ਸਤੰਬਰ ਨੂੰ ਕਿਹਾ ਸੀ ਕਿ ਤਾਮਿਲਨਾਡੂ ਪੁਲਿਸ ਈਸ਼ਾ ਫਾਊਂਡੇਸ਼ਨ ਨਾਲ ਸਬੰਧਤ ਸਾਰੇ ਅਪਰਾਧਿਕ ਮਾਮਲਿਆਂ ਦੀ ਜਾਂਚ ਕਰੇ ਅਤੇ ਰਿਪੋਰਟ ਪੇਸ਼ ਕਰੇ। ਅਗਲੇ ਦਿਨ 1 ਅਕਤੂਬਰ ਨੂੰ ਕਰੀਬ 150 ਪੁਲਿਸ ਮੁਲਾਜ਼ਮ ਜਾਂਚ ਲਈ ਆਸ਼ਰਮ ਪਹੁੰਚੇ ਸਨ |
ਪਿਛਲੀ ਸੁਣਵਾਈ ਦੌਰਾਨ ਈਸ਼ਾ ਫਾਊਂਡੇਸ਼ਨ ਨੇ ਦੱਸਿਆ ਸੀ ਕਿ ਦੋਵੇਂ ਲੜਕੀਆਂ 2009 ‘ਚ ਆਸ਼ਰਮ ‘ਚ ਆਈਆਂ ਸਨ। ਉਸ ਸਮੇਂ ਉਨ੍ਹਾਂ ਦੀ ਉਮਰ 24 ਅਤੇ 27 ਸਾਲ ਸੀ। ਉਹ ਆਪਣੀ ਮਰਜ਼ੀ ਅਨੁਸਾਰ ਰਹਿ ਰਹੀਆਂ ਹਨ | ਫੈਸਲੇ ਤੋਂ ਪਹਿਲਾਂ ਸੀਜੇਆਈ ਨੇ ਆਪਣੇ ਚੈਂਬਰ ‘ਚ ਦੋ ਸੰਨਿਆਸੀ ਬੀਬੀਆਂ ਨਾਲ ਵੀ ਚਰਚਾ ਕੀਤੀ ਸੀ । ਉਕਤ ਬੀਬੀਆਂ ਨੇ ਦੱਸਿਆ ਕਿ ਦੋਵੇਂ ਭੈਣਾਂ ਆਪਣੀ ਮਰਜ਼ੀ ਨਾਲ ਈਸ਼ਾ ਯੋਗਾ ਫਾਊਂਡੇਸ਼ਨ ‘ਚ ਹਨ। ਉਨ੍ਹਾਂ ਦਾ ਪਿਤਾ ਪਿਛਲੇ ਅੱਠ ਸਾਲਾਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।