July 7, 2024 1:51 pm
Iran

Iran: ਈਰਾਨ ਦੇ ਲੋਕ ਅੱਜ ਚੁਣਨਗੇ ਆਪਣਾ ਰਾਸ਼ਟਰਪਤੀ, 59 ਹਜ਼ਾਰ ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਜਾਰੀ

ਚੰਡੀਗ੍ਹੜ,01 ਮਾਰਚ 2024: ਈਰਾਨ (Iran) ‘ਚ ਅੱਜ 1 ਮਾਰਚ ਨੂੰ ਸੰਸਦੀ ਚੋਣਾਂ ਹੋ ਰਹੀਆਂ ਹਨ। ਅੱਜ ਲੋਕ ਦੇਸ਼ ਦੇ ਸਰਵਉੱਚ ਆਗੂ ਯਾਨੀ ਰਾਸ਼ਟਰਪਤੀ ਨੂੰ ਚੁਣਨ ਲਈ ਵੋਟ ਕਰਨਗੇ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 2020 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੋਣ ਨੂੰ ਲੋਕਤੰਤਰੀ ਸੁਧਾਰਾਂ, ਪੱਛਮੀ ਦੇਸ਼ਾਂ ਨਾਲ ਵਿਵਾਦਾਂ ਅਤੇ ਮਾੜੀ ਆਰਥਿਕਤਾ ਦੇ ਮਾਪਦੰਡਾਂ ‘ਤੇ ਪਰਖਿਆ ਜਾ ਰਿਹਾ ਹੈ।

ਫਰਾਂਸ ਦੀ ਚੋਣ ਪ੍ਰਣਾਲੀ ਦੀ ਤਰਜ਼ ‘ਤੇ ਈਰਾਨ ਵਿਚ ਹਰ ਚਾਰ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਜੇਕਰ ਕਿਸੇ ਵੀ ਉਮੀਦਵਾਰ ਨੂੰ ਪਹਿਲੇ ਗੇੜ ਦੀ ਵੋਟਿੰਗ ਵਿੱਚ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ ਤਾਂ ਦੂਜੇ ਗੇੜ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਦੋ ਉਮੀਦਵਾਰਾਂ ਲਈ ਵੋਟਾਂ ਪਾਈਆਂ ਜਾਂਦੀਆਂ ਹਨ।

ਵੋਟਰਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ, ਲਗਭਗ 8.5 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ 6.12 ਕਰੋੜ ਤੋਂ ਵੱਧ ਮਤਦਾਤਾ ਵੋਟ ਪਾਉਣ ਦੇ ਯੋਗ ਹਨ। ਇਕ ਰਿਪੋਰਟ ਮੁਤਾਬਕ ਈਰਾਨ ‘ਚ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਪੋਲਿੰਗ ਬੂਥ 10 ਘੰਟੇ ਖੁੱਲ੍ਹੇ ਰਹਿਣਗੇ। ਹਾਲਾਂਕਿ, ਜੇਕਰ ਅਸੀਂ ਪਿਛਲੀਆਂ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਵੋਟਿੰਗ ਦਾ ਸਮਾਂ ਅਕਸਰ ਮੰਗ ਅਨੁਸਾਰ ਵਧਾਇਆ ਜਾਂਦਾ ਹੈ।

ਦੇਸ਼ ਭਰ ਵਿੱਚ 59 ਹਜ਼ਾਰ ਪੋਲਿੰਗ ਸਟੇਸ਼ਨ ਹੋਣਗੇ। ਇਨ੍ਹਾਂ ਵਿੱਚੋਂ 5,000 ਕੇਂਦਰ ਤਹਿਰਾਨ ਵਿੱਚ ਅਤੇ 6,800 ਵੱਡੇ ਸੂਬੇ ਤਹਿਰਾਨ ਵਿੱਚ ਸਥਾਪਤ ਕੀਤੇ ਗਏ ਹਨ।1,700 ਪੋਲਿੰਗ ਕੇਂਦਰਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਨੇ ਨਿਗਰਾਨੀ ਲਈ ਫੌਜ ਦੇ ਨਾਲ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਅਤੇ ਇਸਦੇ ਬਸੀਜ ਬਲਾਂ ਨੂੰ ਤਾਇਨਾਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 2.5 ਲੱਖ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਈਰਾਨ (Iran)  ਵਿੱਚ ਸੰਸਦ ਦੀਆਂ 290 ਸੀਟਾਂ ਲਈ 15,000 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਹਿਲਾਂ ਇਸਨੂੰ ਇਸਲਾਮਿਕ ਸਲਾਹਕਾਰ ਅਸੈਂਬਲੀ ਕਿਹਾ ਜਾਂਦਾ ਸੀ। ਇੱਥੇ ਮੈਂਬਰਾਂ ਦਾ ਕਾਰਜਕਾਲ ਚਾਰ ਸਾਲ ਦਾ ਹੈ ਅਤੇ ਸੰਸਦ ਵਿੱਚ ਪੰਜ ਸੀਟਾਂ ਧਾਰਮਿਕ ਘੱਟ ਗਿਣਤੀਆਂ ਲਈ ਰਾਖਵੀਆਂ ਹਨ। ਸੰਸਦੀ ਚੋਣਾਂ ਤੋਂ ਇਲਾਵਾ ਈਰਾਨ ਦੇ ਲੋਕ ਅੱਜ ਮਾਹਰਾਂ ਦੀ 88 ਸੀਟਾਂ ਵਾਲੀ ਅਸੈਂਬਲੀ ਲਈ ਵੀ ਵੋਟ ਪਾਉਣਗੇ। ਅੱਠ ਸਾਲ ਦੇ ਕਾਰਜਕਾਲ ਵਾਲਾ ਇਹ ਪੈਨਲ ਅਗਲੇ ਸੁਪਰੀਮ ਲੀਡਰ ਦੀ ਨਿਯੁਕਤੀ ਕਰੇਗਾ।