Site icon TheUnmute.com

ਆਈ.ਪੀ.ਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਿਆ

ਮਨਦੀਪ ਸਿੰਘ ਸਿੱਧੂ

ਚੰਡੀਗੜ੍ਹ, 2 ਅਪ੍ਰੈਲ 2022 : ਆਈ.ਪੀ.ਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਸੰਗਰੂਰ ਦੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਣ ਮਗਰੋਂ ਐਲਾਨ ਕੀਤਾ ਕਿ ਉਹ ਹਰ ਮਹੀਨੇ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਉਨ੍ਹਾਂ ਲੋੜਵੰਦ ਬੱਚੀਆਂ ਨੂੰ ਨਿੱਜੀ ਤੌਰ ਉਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਗੇ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ।

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਖੁਦਕੁਸ਼ੀ ਕਰਨਾ ਬਹੁਤ ਮਾੜੀ ਗੱਲ ਹੈ ਅਤੇ ਇਸ ਨੂੰ ਬੜ੍ਹਾਵਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲਾ ਖੁਦ ਸਮੱਸਿਆਵਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਆਪਣੇ ਪਰਿਵਾਰਾਂ ਨੂੰ, ਆਪਣੇ ਪਿਆਰਿਆਂ ਨੂੰ ਮਾੜੇ ਹਾਲਾਤਾਂ ਵਿੱਚ ਅੱਧਵਿਚਾਲੇ ਛੱਡ ਜਾਂਦਾ ਹੈ।

ਉਨ੍ਹਾਂ ਕਿਹਾ ਆਤਮ ਹੱਤਿਆ ਜਿਹੀਆਂ ਘਟਨਾਵਾਂ ਮਨੁੱਖੀ ਹਿਰਦੇ ਨੂੰ ਵੱਡੀ ਢਾਹ ਲਾਉਂਦੀਆਂ ਹਨ ਅਤੇ ਅਜਿਹੇ ਦੁਖਾਂਤ ਨਹੀਂ ਵਾਪਰਨੇ ਚਾਹੀਦੇ ਕਿਉਂਜੋ ਬਾਅਦ ਵਿੱਚ ਪਰਿਵਾਰਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਉਤੇ ਹੋਰ ਵੀ ਦੁਖਾਂਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਧੂ ਨੇ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਐਸ.ਐਸ.ਪੀ ਵਜੋਂ ਮਿਲਣ ਵਾਲੀ ਪਹਿਲੀ ਤਨਖਾਹ ਵਿੱਚੋਂ ਉਹ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਉਹ ਅਜਿਹੀਆਂ ਲੋੜਵੰਦ ਬੱਚੀਆਂ ਨੂੰ ਦੇਣਗੇ |

ਜੋ ਖੁਦਕੁਸ਼ੀ ਪੀੜਤ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਵਿਦਿਅਕ ਪੱਧਰ ਉਤੇ ਹੋਣਹਾਰ ਹੋਣ ਦੇ ਬਾਵਜੂਦ ਆਰਥਿਕ ਤੰਗੀਆਂ ਕਾਰਨ ਅੱਗੇ ਨਹੀਂ ਵਧ ਪਾ ਰਹੀਆਂ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਤਰਫੋਂ ਸੰਕੇਤਕ ਮਦਦ ਹੈ ਅਤੇ ਮਦਦ ਦੀ ਇਹ ਰਾਸ਼ੀ ਕਿਸੇ ਹੋਰ ਕੋਲੋਂ ਇਕੱਤਰ ਨਹੀਂ ਕੀਤੀ ਜਾਵੇਗੀ |ਇਸ ਮੌਕੇ ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹਾ ਸੰਗਰੂਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਪੁਲਿਸ ਦੀ ਤਰਫੋਂ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦਾ ਸੱਦਾ ਦਿੱਤਾ।

Exit mobile version