ਚੰਡੀਗੜ੍ਹ, 19 ਮਈ 2025: IPL Playoff 2025: ਐਤਵਾਰ ਨੂੰ ਦੋ ਮੈਚਾਂ ਨੇ ਆਈਪੀਐਲ 2025 ‘ਚ ਤਿੰਨ ਟੀਮਾਂ ਲਈ ਪਲੇਆਫ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਗੁਜਰਾਤ ਟਾਈਟਨਸ (Gujarat Titans), ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਪੰਜਾਬ ਕਿੰਗਜ਼ (Punjab Kings) ਨੇ ਆਈਪੀਐਲ 2025 ਦੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਪਲੇਆਫ ਦੇ ਚੌਥੇ ਸਥਾਨ ਲਈ ਤਿੰਨ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਇਸਦੇ ਨਾਲ ਹੀ ਚਾਰ ਟੀਮਾਂ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ |
ਐਤਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਗੁਜਰਾਤ ਨੇ 19 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 200 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਇਹ ਆਈਪੀਐਲ ਦੇ ਇਤਿਹਾਸ ‘ਚ ਬਿਨਾਂ ਵਿਕਟ ਦੇ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਹੈ। ਸਾਈਂ ਸੁਦਰਸ਼ਨ ਨੇ 61 ਗੇਂਦਾਂ ‘ਤੇ ਨਾਬਾਦ 108 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਸ਼ੁਭਮਨ ਗਿੱਲ ਨੇ 53 ਗੇਂਦਾਂ ‘ਤੇ ਨਾਬਾਦ 93 ਦੌੜਾਂ ਬਣਾਈਆਂ। ਸ਼ੁਭਮਨ 7 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ । ਦੋਵਾਂ ਨੇ 114 ਗੇਂਦਾਂ ‘ਚ 205 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਗੁਜਰਾਤ ਪਲੇਆਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਇਨ੍ਹਾਂ 3 ਟੀਮਾਂ ਦੀ ਸਥਿਤੀ ਅਜੇ ਤੈਅ ਨਹੀਂ
ਹਾਲਾਂਕਿ, ਪਲੇਆਫ ਲਈ ਕੁਆਲੀਫਾਈ (IPL Playoff 2025) ਕਰਨ ਵਾਲੀਆਂ ਟੀਮਾਂ ਦੀ ਸਥਿਤੀ ਅਜੇ ਤੈਅ ਨਹੀਂ ਹੋਈ ਹੈ ਅਤੇ ਇਹ ਆਉਣ ਵਾਲੇ ਕੁਝ ਮੈਚਾਂ ਤੋਂ ਬਾਅਦ ਤੈਅ ਕੀਤਾ ਜਾਵੇਗਾ। ਚੌਥੇ ਸਥਾਨ ਲਈ ਮੁਕਾਬਲਾ ਕਰਨ ਵਾਲੀਆਂ ਤਿੰਨ ਟੀਮਾਂ ‘ਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰ ਜਾਇੰਟਸ ਸ਼ਾਮਲ ਹਨ।
ਲਖਨਊ ਨੂੰ ਅੱਜ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਖੇਡਣਾ ਹੈ ਅਤੇ ਇਸ ਮੈਚ ਵਿੱਚ ਹਾਰ ਲਖਨਊ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦੇਵੇਗੀ। ਇਸ ਦੇ ਨਾਲ ਹੀ, ਪਲੇਆਫ ਦੀ ਦੌੜ ਤੋਂ ਬਾਹਰ ਹੋਈਆਂ ਟੀਮਾਂ ਵਿੱਚ ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸ਼ਾਮਲ ਹਨ।
ਆਰਸੀਬੀ ਦਾ ਕੋਲਕਾਤਾ ਵਿਰੁੱਧ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ । ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਇਸ ਨਾਲ ਬੰਗਲੁਰੂ ਦੇ 12 ਮੈਚਾਂ ‘ਚ 17 ਅੰਕ ਹੋ ਗਏ। ਇਸ ਤੋਂ ਬਾਅਦ, ਐਤਵਾਰ ਨੂੰ ਗੁਜਰਾਤ ਨੇ ਦਿੱਲੀ ਨੂੰ ਹਰਾਇਆ ਅਤੇ ਪੰਜਾਬ ਨੇ ਰਾਜਸਥਾਨ ਨੂੰ ਹਰਾ ਕੇ ਦੋ-ਦੋ ਅੰਕ ਪ੍ਰਾਪਤ ਕੀਤੇ। ਇਸ ਨਾਲ ਗੁਜਰਾਤ ਦੇ 12 ਮੈਚਾਂ ‘ਚ 18 ਅੰਕ ਹੋ ਗਏ ਅਤੇ ਪੰਜਾਬ ਦੇ 12 ਮੈਚਾਂ ‘ਚ 17 ਅੰਕ ਹੋ ਗਏ।
ਇਨ੍ਹਾਂ ਤਿੰਨਾਂ ਟੀਮਾਂ ਦੇ ਅਜੇ ਵੀ ਦੋ ਹੋਰ ਮੈਚ ਬਾਕੀ ਹਨ। ਅਜਿਹੀ ਸਥਿਤੀ ‘ਚ ਇਹ ਟੀਮਾਂ 20 ਅੰਕਾਂ ਦਾ ਅੰਕੜਾ ਵੀ ਪਾਰ ਕਰ ਸਕਦੀਆਂ ਹਨ। ਹੋਰ ਟੀਮਾਂ ‘ਚੋਂ ਸਿਰਫ਼ ਮੁੰਬਈ ਹੀ 17 ਅੰਕ ਪਾਰ ਕਰ ਸਕੀ ਹੈ। ਦਿੱਲੀ ਵੱਧ ਤੋਂ ਵੱਧ 17 ਅੰਕਾਂ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ, ਲਖਨਊ ਵੱਧ ਤੋਂ ਵੱਧ 16 ਅੰਕਾਂ ਤੱਕ ਪਹੁੰਚ ਸਕਦਾ ਹੈ। ਇਸ ਸਥਿਤੀ ‘ਚ ਆਰਸੀਬੀ ਅਤੇ ਪੰਜਾਬ ਨੇ ਕੁਆਲੀਫਾਈ ਕੀਤਾ।
ਪੰਜਾਬ ਕਿੰਗਜ਼ ਨੇ 11 ਸਾਲਾਂ ‘ਚ ਪਹਿਲੀ ਵਾਰ ਪਲੇਆਫ ਲਈ ਕੁਆਲੀਫਾਈ
ਬੰਗਲੁਰੂ ਨੇ ਪਿਛਲੇ ਛੇ ਸੀਜ਼ਨਾਂ ‘ਚ ਪੰਜਵੀਂ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਗੁਜਰਾਤ ਨੇ ਪਿਛਲੇ ਚਾਰ ਸੀਜ਼ਨਾਂ ‘ਚ ਤੀਜੀ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ। ਹਾਲਾਂਕਿ, ਇਹ ਪੰਜਾਬ (Punjab Kings) ਲਈ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਟੀਮ ਨੇ 11 ਸਾਲਾਂ ‘ਚ ਪਹਿਲੀ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ ਹੈ। ਇਹ ਟੀਮ ਕੁੱਲ ਮਿਲਾ ਕੇ ਤੀਜੀ ਵਾਰ ਪਲੇਆਫ ਵਿੱਚ ਪਹੁੰਚੀ ਹੈ। ਸ਼੍ਰੇਅਸ ਆਈਪੀਐਲ ਵਿੱਚ ਤਿੰਨ ਟੀਮਾਂ ਨੂੰ ਪਲੇਆਫ ‘ਚ ਲੈ ਜਾਣ ਵਾਲਾ ਪਹਿਲਾ ਕਪਤਾਨ ਬਣ ਗਿਆ ਹੈ। ਪੰਜਾਬ ਤੋਂ ਪਹਿਲਾਂ ਉਹ ਦਿੱਲੀ ਦੇ ਕਪਤਾਨ (2019, 2020) ਅਤੇ 2024 ‘ਚ ਕੋਲਕਾਤਾ ਦੇ ਕਪਤਾਨ ਵਜੋਂ ਪਲੇਆਫ ‘ਚ ਪਹੁੰਚ ਚੁੱਕਾ ਹੈ।
Read More: PBKS ਬਨਾਮ DC: ਜੈਪੁਰ ‘ਚ ਪੰਜਾਬ ਕਿੰਗਜ਼ ਦਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਦੁਬਾਰਾ ਮੁਕਾਬਲਾ