ਚੰਡੀਗੜ੍ਹ, 25 ਨਵੰਬਰ 2024: ਇੰਡੀਅਨ ਪ੍ਰੀਮਿਅਰ ਲੀਗ 2025 (IPL 2025) ਲਈ ਖਿਡਾਰੀਆਂ ਦੀ ਮੇਗਾ ਨਿਲਾਮੀ (IPL Auction) ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ, ਸ਼੍ਰੇਅਸ ਅਤੇ ਵੈਂਕਟੇਸ਼ ‘ਤੇ ਪਹਿਲੇ ਦਿਨ ਰਿਕਾਰਡ ਬੋਲੀ ਲੱਗੀ, ਜਦੋਂ ਕਿ ਆਸਟ੍ਰੇਲੀਆ ਦੇ ਡੈਵਿਡ ਵਾਰਨਰ ਅਤੇ ਪੈਡਿਕਲ ਵਰਗੇ ਖਿਡਾਰੀਆਂ ਨੂੰ ਖਰੀਦਦਾਰ ਨਹੀਂ ਮਿਲਿਆ। ਅੱਜ ਯਾਨੀ ਸੋਮਵਾਰ ਨੂੰ ਸਾਰੀਆਂ 10 ਟੀਮਾਂ ਬਾਕੀ ਬਚੇ 132 ਸਥਾਨਾਂ ਲਈ ਬੋਲੀ ਲਗਾਉਣਗੀਆਂ।
ਬੀਤੇ ਦਿਨ IPL 2025 ਲਈ ਖਿਡਾਰੀਆਂ ਦੀ ਮੇਗਾ ਨਿਲਾਮੀ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ‘ਤੇ ਬਹੁਤ ਜ਼ਿਆਦਾ ਪੈਸੇ ਦੀ ਵਰਖਾ ਹੋਈ ਅਤੇ ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਰਿਕਾਰਡ ਕੀਮਤਾਂ ‘ਤੇ ਵਿਕੇ। ਪਹਿਲਾਂ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ ਸੀ।
ਸ਼੍ਰੇਅਸ ਉਸ ਸਮੇਂ ਤੱਕ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ। ਹਾਲਾਂਕਿ, ਕੁਝ ਸਮੇਂ ਬਾਅਦ, ਰਿਸ਼ਭ ਪੰਤ ਨਿਲਾਮੀ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਲਖਨਊ ਸੁਪਰਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ। ਇਸ ਤਰ੍ਹਾਂ ਪੰਤ ਆਈਪੀਐਲ ਨਿਲਾਮੀ ‘ਚ ਸਭ ਤੋਂ ਵੱਧ ਕੀਮਤ ‘ਤੇ ਵਿਕਣ ਵਾਲਾ ਖਿਡਾਰੀ ਬਣ ਗਿਆ।
ਪੰਤ ਅਤੇ ਸ਼੍ਰੇਅਸ ਤੋਂ ਇਲਾਵਾ ਪਹਿਲੇ ਦਿਨ ਵੈਂਕਟੇਸ਼ ਅਈਅਰ ‘ਤੇ ਵੀ ਵੱਡੀਆਂ ਬੋਲੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ 23.75 ਕਰੋੜ ਰੁਪਏ ‘ਚ ਖਰੀਦਿਆ। ਇਸ ਦੇ ਨਾਲ ਹੀ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ ਅਤੇ ਕੇਐੱਲ ਰਾਹੁਲ ‘ਤੇ ਵੀ ਵੱਡੀਆਂ ਬੋਲੀਆਂ ਲਗਾਈਆਂ ਗਈਆਂ। ਅਰਸ਼ਦੀਪ ਅਤੇ ਚਾਹਲ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਇਸ ਦੇ ਨਾਲ ਹੀ ਦਿੱਲੀ ਨੇ ਰਾਹੁਲ ਨੂੰ 14 ਕਰੋੜ ਰੁਪਏ ‘ਚ ਟੀਮ ‘ਚ ਸ਼ਾਮਲ ਕੀਤਾ।