ਚੰਡੀਗੜ੍ਹ, 25 ਨਵੰਬਰ 2024: IPL AUCTION 2025: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੇਗਾ ਨਿਲਾਮੀ ਅੱਜ ਦੂਜੇ ਦਿਨ ਜਾਰੀ ਹੈ | ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ‘ਚ ਭਾਰਤੀ ਖਿਡਾਰੀਆਂ ‘ਤੇ ਕਰੋੜਾਂ ਰੁਪਏ ਦੀ ਬਰਸਾਤ ਹੋ ਰਹੀ ਹੈ | ਦੂਜੇ ਪਾਸੇ ਪੰਜਾਬ ਕਿੰਗਜ਼ (Punjab Kings) ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ‘ਚ ਪੰਜਾਬ ਦੇ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਅਤੇ ਹਰਿਆਣਾ ਦੇ ਰਹਿਣ ਵਾਲੇ ਸਪਿਨਰ ਯੁਜਵੇਂਦਰ ਚਾਹਲ ਨੂੰ ਖਰੀਦਿਆ ਹੈ |
ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਅਤੇ ਯੁਜਵੇਂਦਰ ਚਾਹਲ ਨੂੰ ਵੀ 18 ਕਰੋੜ ਰੁਪਏ ‘ਚ ਖਰੀਦਿਆ ਹੈ। ਅਰਸ਼ਦੀਪ ਸਿੰਘ ਮੋਹਾਲੀ ਦੇ ਵਸਨੀਕ ਹਨ ਅਤੇ ਯੁਜਵੇਂਦਰ ਚਾਹਲ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਹਨ | ਦੋਵੇਂ ਖਿਡਾਰੀਆਂ ਕੋਲ ਕਾਫ਼ੀ ਤਜ਼ਰਬਾ ਹੈ |
ਅਰਸ਼ਦੀਪ ਸਿੰਘ ਨੇ 2024 ਟੀ-20 ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ਵੀ ਖੇਡਿਆ ਸੀ। ਫਿਰ ਅਰਸ਼ਦੀਪ ਨੇ 8 ਮੈਚਾਂ ‘ਚ 17 ਵਿਕਟਾਂ ਲੈ ਕੇ ਰਿਕਾਰਡ ਬਣਾਇਆ ਸੀ । ਅਜਿਹਾ ਕਰਕੇ ਉਹ ਦੁਨੀਆ ਦੇ ਚੋਟੀ ਦੇ 5 ਗੇਂਦਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ।
ਅਰਸ਼ਦੀਪ ਸਿੰਘ ਨੂੰ 19 ਸਤੰਬਰ 2018 ਨੂੰ 2018-19 ਵਿਜੇ ਹਜ਼ਾਰੇ ਟਰਾਫੀ ‘ਚ ਪੰਜਾਬ (Punjab Kings) ਲਈ ਖੇਡਣ ਲਈ ਚੁਣਿਆ ਸੀ। ਫਿਰ ਅਰਸ਼ਦੀਪ ਨੂੰ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਜਗ੍ਹਾ ਮਿਲੀ। ਦਸੰਬਰ 2018 ‘ਚ ਅਰਸ਼ਦੀਪ ਨੂੰ ਕਿੰਗਜ਼ ਇਲੈਵਨ ਪੰਜਾਬ ਦੁਆਰਾ 2019 ਆਈਪੀਐਲ ਲਈ ਚੁਣਿਆ ਸੀ।
ਇਸਦੇ ਨਾਲ ਹੀ ਅਰਸ਼ਦੀਪ ਟੀਮ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਸਨ। ਉਸ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਤਾਰੀਫ਼ ਹੋਈ। ਨਵੰਬਰ 2019 ‘ਚ ਉਸਨੂੰ ਬੰਗਲਾਦੇਸ਼ ਵਿੱਚ 2019 ਏਸੀਸੀ ਏਮਰਜਿੰਗ ਟੀਮਾਂ ਏਸ਼ੀਆ ਕੱਪ ਲਈ ਭਾਰਤ ਦੀ ਟੀਮ ‘ਚ ਚੁਣਿਆ ਸੀ।
ਇਸਦੇ ਨਾਲ ਹੀ ਸਪਿਨਰ ਯੁਜਵੇਂਦਰ ਚਹਿਲ ਆਈਪੀਐਲ ਦੇ ਇਤਿਹਾਸ ‘ਚ ਸਭ ਤੋਂ ਮਹਿੰਗਾ ਭਾਰਤੀ ਸਪਿਨਰ ਬਣ ਗਿਆ ਹੈ। ਪਿਛਲੇ ਸੀਜ਼ਨ ‘ਚ ਯੁਜਵੇਂਦਰ ਚਾਹਲ ਨੇ ਰਾਜਸਥਾਨ ਲਈ ਖੇਡਿਆ ਸੀ ਅਤੇ ਉਸ ਨੇ 15 ਮੈਚਾਂ ‘ਚ 18 ਵਿਕਟਾਂ ਲਈਆਂ ਸਨ। ਚਾਹਲ ਆਈਪੀਐਲ ਦੇ ਇਤਿਹਾਸ ‘ਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਚਾਹਲ ਨੇ ਆਈ.ਪੀ.ਐੱਲ ‘ਚ 160 ਮੈਚਾਂ ‘ਚ 205 ਵਿਕਟਾਂ ਲਈਆਂ ਹਨ।
ਪੰਜਾਬ ਵੱਲੋਂ ਕ੍ਰਮਵਾਰ 18 ਕਰੋੜ ਅਤੇ 26.75 ਕਰੋੜ ਰੁਪਏ ‘ਚ ਖਰੀਦੇ ਗਏ ਅਰਸ਼ਦੀਪ ਸਿੰਘ ਅਤੇ ਸ਼੍ਰੇਅਸ ਅਈਅਰ ਨਾਲ ਭਵਿੱਖ ‘ਚ ਖੇਡਣ ਦੀ ਸੰਭਾਵਨਾ ‘ਤੇ ਚਹਿਲ ਨੇ ਕਿਹਾ, ”ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੇਰੇ ਸ਼੍ਰੇਅਸ ਅਈਅਰ ਨਾਲ ਚੰਗੇ ਸਬੰਧ ਹਨ ਅਤੇ ਅਰਸ਼ਦੀਪ ਸਿੰਘ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੈ, ਮੈਨੂੰ ਰਿਕੀ ਪੋਂਟਿੰਗ ਸਰ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਰਾਜਸਥਾਨ ਤੋਂ ਪਹਿਲਾਂ ਚਾਹਲ ਆਰਸੀਬੀ ਲਈ ਖੇਡਦੇ ਸਨ। ਉਸਨੇ 2014 ਤੋਂ 2021 ਤੱਕ RCB ਲਈ IPL ਮੈਚ ਖੇਡੇ ਹਨ । ਸਾਲ 2015 ਅਤੇ 2016 ਆਈਪੀਐਲ ‘ਚ ਚਾਹਲ ਨੇ ਸੀਜ਼ਨ ‘ਚ ਕ੍ਰਮਵਾਰ 23 ਅਤੇ 21 ਵਿਕਟਾਂ ਲਈਆਂ। ਚਾਹਲ ਨੇ IPL ‘ਚ ਹੁਣ ਤੱਕ 160 ਮੈਚ ਖੇਡਦੇ ਹੋਏ 205 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਸ ਦੀ ਇਕਾਨਮੀ ਰੇਟ 7.84 ਰਿਹਾ ਹੈ।