ਇੰਡੀਅਨ ਪ੍ਰੀਮਿਅਰ ਲੀਗ

IPL 2025: ਇੰਡੀਅਨ ਪ੍ਰੀਮਿਅਰ ਲੀਗ 2025 ‘ਚ ਇਨ੍ਹਾਂ 7 ਨਵੇਂ ਕਪਤਾਨਾਂ ‘ਤੇ ਰਹੇਗੀ ਨਜ਼ਰ

ਚੰਡੀਗੜ੍ਹ, 22 ਮਾਰਚ 2025: Indian Premier League 2025: ਇੰਡੀਅਨ ਪ੍ਰੀਮਿਅਰ ਲੀਗ 2025 (IPL 2025) ਦੇ 18ਵੇਂ ਸੀਜ਼ਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ | ਅੱਜ ਆਈ.ਪੀ.ਐੱਲ 2025 ਦੇ ਪਹਿਲੇ ਮੈਚ ‘ਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨਾਲ ਹੋਵੇਗਾ।

ਹਾਲਾਂਕਿ ਲੰਬੇ ਸਮੇਂ ਬਾਅਦ ਇੱਕ ਅਜਿਹਾ ਸੀਜ਼ਨ ਦੇਖਣ ਨੂੰ ਮਿਲੇਗਾ ਜਿਸ ‘ਚ ਲਗਭਗ ਸਾਰੇ ਕਪਤਾਨ ਨਵੇਂ ਹੋਣਗੇ ਯਾਨੀ ਕਿ ਲਗਭਗ 30 ਸਾਲ ਦੀ ਉਮਰ ਦੇ ਅਤੇ ਅਗਲੇ ਕੁਝ ਸੀਜ਼ਨਾਂ ਲਈ ਕਪਤਾਨੀ ਕਰਦੇ ਨਜ਼ਰ ਆਉਣਗੇ। ਹੈਦਰਾਬਾਦ ਨੂੰ ਛੱਡ ਕੇ ਬਾਕੀ ਸਾਰੀ ਟੀਮਾਂ ਦੇ ਕਪਤਾਨ ਭਾਰਤ ਖਿਡਾਰੀ ਹਨ |

ਆਈਪੀਐਲ 2025 (IPL 2025) ‘ਚ ਘੱਟੋ-ਘੱਟ ਸੱਤ ਟੀਮਾਂ (ਨਿਯਮਤ ਅਤੇ ਅਸਥਾਈ) ਨਵੇਂ ਕਪਤਾਨਾਂ ਨਾਲ ਮੈਦਾਨ ‘ਚ ਉਤਰਨਗੀਆਂ। ਇਨ੍ਹਾਂ ‘ਚੋਂ ਕੁਝ ਖਿਡਾਰੀ ਕਈ ਕਾਰਨਾਂ ਕਰਕੇ ਕੁਝ ਮੈਚਾਂ ‘ਚ ਹੀ ਆਪਣੀ ਟੀਮ ਦੀ ਅਗਵਾਈ ਕਰਨਗੇ। ਸਭ ਤੋਂ ਹੈਰਾਨੀਜਨਕ ਫੈਸਲਾ ਆਰਸੀਬੀ ਨੇ ਰਜਤ ਪਾਟੀਦਾਰ ਨੂੰ ਕਪਤਾਨ ਨਿਯੁਕਤ ਕੀਤਾ ਹੈ। ਅਕਸ਼ਰ ਪਟੇਲ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਨਗੇ, ਜਦੋਂ ਕਿ ਸ਼੍ਰੇਅਸ ਅਈਅਰ, ਜਿਨ੍ਹਾਂ ਨੇ 2024 ‘ਚ ਕੇਕੇਆਰ ਨੂੰ ਚੈਂਪੀਅਨ ਬਣਾਇਆ ਸੀ, ਇਸ ਵਾਰ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ। ਇਸ ਵਾਰ ਕੋਲਕਾਤਾ ਟੀਮ ਦੀ ਕਪਤਾਨੀ ਅਜਿੰਕਿਆ ਰਹਾਣੇ ਨੂੰ ਸੌਂਪੀ ਹੈ।

ਸੰਜੂ ਸੈਮਸਨ ਦੀ ਉਂਗਲੀ ਦੀ ਸੱਟ ਕਾਰਨ ਰਿਆਨ ਪਰਾਗ ਪਹਿਲੇ ਤਿੰਨ ਮੈਚਾਂ ‘ਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕਰਨਗੇ। ਹਾਰਦਿਕ ਪੰਡਯਾ ਨੂੰ ਪਿਛਲੇ ਸੀਜ਼ਨ ਵਿੱਚ ਹੌਲੀ ਓਵਰ ਰੇਟ ਲਈ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਸੀ ਅਤੇ ਇਸ ਲਈ ਉਹ ਮੁੰਬਈ ਇੰਡੀਅਨਜ਼ ਦੇ ਪਹਿਲੇ ਮੈਚ ‘ਚ ਨਹੀਂ ਖੇਡ ਸਕਣਗੇ। ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਹੋਣ ਵਾਲੇ ਮੈਚ ‘ਚ ਸੂਰਿਆਕੁਮਾਰ ਯਾਦਵ ਮੁੰਬਈ ਦੀ ਅਗਵਾਈ ਕਰਨਗੇ। ਆਈਪੀਐਲ ‘ਚ ਸਭ ਤੋਂ ਵੱਧ ਕੀਮਤ ‘ਤੇ ਵਿਕਿਆ ਰਿਸ਼ਭ ਪੰਤ ਇਸ ਸੀਜ਼ਨ ‘ਚ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕਰੇਗਾ।

ਇਸ ਵਾਰ ਆਈਪੀਐਲ ਵਿੱਚ ਕੁਝ ਟੀਮਾਂ ਦੇ ਸਪੋਰਟ ਸਟਾਫ ‘ਚ ਵੀ ਬਦਲਾਅ ਕੀਤੇ ਗਏ ਹਨ। ਰਿੱਕੀ ਪੋਂਟਿੰਗ ਨੇ ਪੰਜਾਬ ਕਿੰਗਜ਼ ਦਾ ਮੁੱਖ ਕੋਚ ਬਣਨ ਲਈ ਦਿੱਲੀ ਕੈਪੀਟਲਜ਼ ਛੱਡ ਦਿੱਤਾ। ਪੋਂਟਿੰਗ ਦੀ ਜਗ੍ਹਾ ਹੇਮਾਂਗ ਬਦਾਨੀ ਨੂੰ ਦਿੱਲੀ ਕੈਪੀਟਲਜ਼ ਦਾ ਮੁੱਖ ਕੋਚ ਬਣਾਇਆ ਗਿਆ ਹੈ। ਕੇਵਿਨ ਪੀਟਰਸਨ ਦਿੱਲੀ ਕੈਪੀਟਲਜ਼ ‘ਚ ਮੈਂਟਰ ਵਜੋਂ ਸ਼ਾਮਲ ਹੋਏ ਹਨ, ਜਦੋਂ ਕਿ ਰਾਹੁਲ ਦ੍ਰਾਵਿੜ ਮੁੱਖ ਕੋਚ ਵਜੋਂ ਰਾਜਸਥਾਨ ਰਾਇਲਜ਼ ‘ਚ ਵਾਪਸ ਆਏ ਹਨ।

ਪਿਛਲੇ ਸਾਲ ਭਾਰਤ ਨੂੰ ਟੀ-20 ਵਿਸ਼ਵ ਕੱਪ ਖਿਤਾਬ ਦਿਵਾਉਣ ਤੋਂ ਬਾਅਦ ਇਹ ਆਈਪੀਐਲ ਵਿੱਚ ਉਸਦਾ ਪਹਿਲਾ ਕੋਚਿੰਗ ਕਾਰਜਕਾਲ ਹੈ। ਡਵੇਨ ਬ੍ਰਾਵੋ, ਜੋ ਲੰਬੇ ਸਮੇਂ ਤੱਕ ਚੇਨਈ ਲਈ ਖੇਡਿਆ ਅਤੇ ਸੀਐਸਕੇ ਦਾ ਗੇਂਦਬਾਜ਼ੀ ਕੋਚ ਰਿਹਾ, ਕੇਕੇਆਰ ਦਾ ਸਲਾਹਕਾਰ ਹੋਵੇਗਾ। ਉਹ ਗੌਤਮ ਗੰਭੀਰ ਦੀ ਥਾਂ ਲੈਣਗੇ, ਜੋ ਹੁਣ ਭਾਰਤ ਦੇ ਮੁੱਖ ਕੋਚ ਹਨ।

Read More: IPL 2025 Schedule: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਪੂਰਾ ਸ਼ਡਿਊਲ

Scroll to Top