ਅਹਿਮਦਾਬਾਦ, 12 ਮਈ 2025: IPL 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ, ਗੁਜਰਾਤ ਟਾਈਟਨਜ਼ (Gujarat Titans) ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਐਤਵਾਰ ਸ਼ਾਮ ਨੂੰ ਟੀਮ ਦੇ ਖਿਡਾਰੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਗਏ ਅਤੇ ਅਭਿਆਸ ਕੀਤਾ।
ਹਾਲਾਂਕਿ, ਆਈਪੀਐਲ (IPL 2025) ਦੁਬਾਰਾ ਸ਼ੁਰੂ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਆਈਪੀਐਲ 16 ਜਾਂ 17 ਮਈ ਤੋਂ ਦੁਬਾਰਾ ਸ਼ੁਰੂ ਹੋ ਸਕਦਾ ਹੈ। ਮੌਜੂਦਾ ਸੀਜ਼ਨ ਦੇ ਬਾਕੀ ਮੈਚ ਚਾਰ ਥਾਵਾਂ ‘ਤੇ ਖੇਡੇ ਜਾ ਸਕਦੇ ਹਨ। ਫਾਈਨਲ ਮੈਚ 30 ਮਈ ਨੂੰ ਹੋਣ ਦੀ ਸੰਭਾਵਨਾ ਹੈ। ਅਗਲੇ ਮੈਚਾਂ ਦਾ ਨਵਾਂ ਸ਼ਡਿਊਲ ਛੇਤੀ ਹੀ ਜਾਰੀ ਕੀਤਾ ਜਾਵੇਗਾ।
ਭਾਰਤ-ਪਾਕਿ ਤਣਾਅ ਵਧਣ ਕਾਰਨ 9 ਮਈ ਨੂੰ ਆਈਪੀਐਲ ਇੱਕ ਹਫ਼ਤੇ ਲਈ ਰੋਕ ਦਿੱਤਾ ਗਿਆ ਸੀ। ਆਈਪੀਐਲ 2025 ਦੇ ਫਾਈਨਲ ਸਮੇਤ 16 ਮੈਚ ਬਾਕੀ ਹਨ। ਇਸ ਦੇ ਨਾਲ ਹੀ 8 ਮਈ ਨੂੰ ਧਰਮਸ਼ਾਲਾ ‘ਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਹੋਣ ਵਾਲਾ ਮੈਚ ਵੀ ਵਿਚਕਾਰ ਹੀ ਰੋਕ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਨੇ 10.1 ਓਵਰਾਂ ‘ਚ 1 ਵਿਕਟ ਦੇ ਨੁਕਸਾਨ ‘ਤੇ 122 ਦੌੜਾਂ ਬਣਾਈਆਂ। ਹਮਲਿਆਂ ਵਿਚਕਾਰ ਮੈਚ ਨੂੰ ਰੋਕਣਾ ਪਿਆ।
ਜਦੋਂ ਆਈਪੀਐਲ (IPL 2025) ਬੰਦ ਹੋਇਆ, ਉਦੋਂ ਤੱਕ ਲੀਗ ਪੜਾਅ ਦੇ 57 ਮੈਚ ਪੂਰੇ ਹੋ ਚੁੱਕੇ ਸਨ। 58ਵਾਂ ਮੈਚ ਵਿਚਕਾਰ ਹੀ ਰੋਕ ਦਿੱਤਾ ਗਿਆ। 57 ਮੈਚਾਂ ਤੋਂ ਬਾਅਦ ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਅੰਕ ਸੂਚੀ ‘ਚ ਸਭ ਤੋਂ ਵੱਧ 16-16 ਅੰਕ ਹਨ। ਬਿਹਤਰ ਰਨ ਰੇਟ ਕਾਰਨ ਗੁਜਰਾਤ ਸਿਖਰ ‘ਤੇ ਰਿਹਾ।
ਗੁਜਰਾਤ ਟਾਈਟਨਸ (Gujarat Titans) ਸ਼ੁਰੂ ਤੋਂ ਹੀ ਆਈਪੀਐਲ 2025 ਜਿੱਤਣ ਦਾ ਵੱਡਾ ਦਾਅਵੇਦਾਰ ਰਿਹਾ ਹੈ। ਇਸ ਵੇਲੇ ਇਸ ਟੀਮ ਦੇ 3 ਖਿਡਾਰੀ ਔਰੇਂਜ ਕੈਪ ਦੀ ਦੌੜ ‘ਚ ਹਨ। ਸਾਈ ਸੁਧਰਸਨ (509 ਦੌੜਾਂ), ਸ਼ੁਭਮਨ ਗਿੱਲ (508) ਅਤੇ ਜੋਸ ਬਟਲਰ (500 ਦੌੜਾਂ) ਨੇ ਸਕੋਰ ਬਣਾਇਆ ਹੈ। ਦੂਜੇ ਪਾਸੇ, ਪਰਪਲ ਕੈਪ ਵੀ ਇਸ ਸਮੇਂ ਗੁਜਰਾਤ ਟਾਈਟਨਜ਼ ਦੇ ਇੱਕ ਖਿਡਾਰੀ ਕੋਲ ਹੈ। ਗੁਜਰਾਤ ਦਾ ਪ੍ਰਸਿਧ ਕ੍ਰਿਸ਼ਨਾ 20 ਵਿਕਟਾਂ ਨਾਲ ਪਰਪਲ ਕੈਪ ਧਾਰਕ ਬਣਿਆ ਹੋਇਆ ਹੈ। ਗੁਜਰਾਤ ਦੇ ਅਜੇ ਵੀ 3 ਮੈਚ ਬਾਕੀ ਹਨ ਅਤੇ ਉਹ ਟੇਬਲ ਦੇ ਸਿਖਰਲੇ 2 ‘ਚ ਜਗ੍ਹਾ ਪੱਕੀ ਕਰ ਸਕਦਾ ਹੈ।
Read More: Virat Kohli: ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਗੇ ਵਿਰਾਟ ਕੋਹਲੀ ! ਜਾਣੋ ਉਨ੍ਹਾਂ ਦੇ ਟੈਸਟ ਰਿਕਾਰਡ




