ਚੰਡੀਗੜ੍ਹ, 11 ਮਈ 2024: ਗੁਜਰਾਤ ਨੇ ਸ਼ੁੱਕਰਵਾਰ ਨੂੰ ਚੇੱਨਈ (Chennai Super Kings) ਖ਼ਿਲਾਫ਼ ਜਿੱਤ ਦਰਜ ਕਰਕੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਆਈ.ਪੀ.ਐੱਲ 2024 ਦਾ 59ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਗਿੱਲ ਦੀ ਅਗਵਾਈ ਵਿੱਚ ਹੋਏ ਇਸ ਮੈਚ ਵਿੱਚ ਗੁਜਰਾਤ ਨੇ ਚੇਨਈ ਨੂੰ 35 ਦੌੜਾਂ ਨਾਲ ਹਰਾਇਆ।
ਚਿੰਤਾ ਦੀ ਗੱਲ ਇਹ ਹੈ ਕਿ ਸੀਐਸਕੇ ਦੀ ਇਸ ਹਾਰ ਨੇ ਉਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਹਾਰ ਨਾਲ ਚਾਰ ਟੀਮਾਂ ਦੀ ਸੁੱਤੀ ਕਿਸਮਤ ਇਕ ਵਾਰ ਫਿਰ ਜਾਗ ਪਈ ਹੈ। ਚੇਨਈ ਦੇ ਇਸ ਸੀਜ਼ਨ ‘ਚ ਦੋ ਹੋਰ ਮੈਚ ਬਾਕੀ ਹਨ। ਜੇਕਰ ਗਾਇਕਵਾੜ ਦੀ ਟੀਮ ਇਕ ਵੀ ਮੈਚ ਹਾਰ ਜਾਂਦੀ ਹੈ ਤਾਂ ਉਸ ਦਾ ਪਲੇਆਫ ਤੋਂ ਬਾਹਰ ਹੋਣ ਦਾ ਖ਼ਤਰਾ ਹੋ ਜਾਵੇਗਾ।
ਹਾਰ ਦੇ ਬਾਵਜੂਦ ਚੇਨਈ (Chennai Super Kings) ਇਸ ਸਮੇਂ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਬਰਕਰਾਰ ਹੈ। ਟੀਮ ਦੇ ਖਾਤੇ ਵਿੱਚ 12 ਅੰਕ ਹਨ ਅਤੇ ਉਨ੍ਹਾਂ ਦੀ ਨੈੱਟ ਰਨ ਰੇਟ +0.491 ਹੈ। ਚੇੱਨਈ ਦੀ ਹਾਰ ਨਾਲ ਦਿੱਲੀ ਕੈਪੀਟਲਸ, ਲਖਨਊ ਸੁਪਰ ਜਾਇੰਟਸ, ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਦੀ ਸੁੱਤੀ ਕਿਸਮਤ ਜਾਗ ਗਈ ਹੈ।
ਚਾਰੇ ਟੀਮਾਂ ਅਜੇ ਵੀ ਪਲੇਆਫ ਦੀ ਦੌੜ ਵਿੱਚ ਹਨ। ਇਸ ਦੇ ਨਾਲ ਹੀ ਕੋਲਕਾਤਾ ਅੰਕ ਸੂਚੀ ‘ਚ ਸਿਖਰ ‘ਤੇ ਹੈ। ਅੱਜ ਉਨ੍ਹਾਂ ਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਜੇਕਰ ਕੇਕੇਆਰ ਇਸ ਮੈਚ ‘ਚ ਮੁੰਬਈ ਨੂੰ ਹਰਾਉਣ ‘ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਪਲੇਆਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ। ਰਾਜਸਥਾਨ ਅਤੇ ਹੈਦਰਾਬਾਦ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।