ਚੰਡੀਗੜ੍ਹ, 6 ਅਪ੍ਰੈਲ 2024: ਆਈ.ਪੀ.ਐੱਲ 2024 ਦਾ 19ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ‘ਚ ਵਿਰਾਟ ਕੋਹਲੀ (Virat Kohli) ਤਿੰਨ ਵੱਡੇ ਰਿਕਾਰਡਾ ਆਪਣੇ ਨਾਂ ਕਰ ਸਕਦੇ ਹਨ । ਸਟਾਰ ਬੱਲੇਬਾਜ਼ ਕੋਲ ਇਸ ਸਮੇਂ ਔਰੇਂਜ ਕੈਪ ਹੈ। ਕੋਹਲੀ ਨੇ ਚਾਰ ਮੈਚਾਂ ਵਿੱਚ 203 ਦੌੜਾਂ ਬਣਾਈਆਂ ਹਨ। ਅੱਜ ਦੇ ਮੈਚ ਵਿੱਚ ਉਹ ਇੱਕ ਵਾਰ ਫਿਰ ਆਪਣੇ ਬੱਲੇ ਨਾਲ ਹਲਚਲ ਮਚਾ ਸਕਦਾ ਹੈ। ਆਰਸੀਬੀ ਆਪਣਾ ਪੰਜਵਾਂ ਮੈਚ ਖੇਡੇਗੀ ਜਦਕਿ ਰਾਜਸਥਾਨ ਇਸ ਟੂਰਨਾਮੈਂਟ ਵਿੱਚ ਆਪਣਾ ਚੌਥਾ ਮੈਚ ਖੇਡਦਾ ਨਜ਼ਰ ਆਵੇਗਾ। ਇਸ ਮੈਚ ‘ਚ ਫਾਫ ਡੁਪਲੇਸਿਸ ਦੀ ਅਗਵਾਈ ਵਾਲੀ ਟੀਮ ਰਾਜਸਥਾਨ ਨੂੰ ਜਿੱਤ ਹਾਸਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇਗੀ।
ਅੱਜ ਦੇ ਮੈਚ ‘ਚ ਵਿਰਾਟ ਕੋਹਲੀ ਰਾਜਸਥਾਨ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ। ਉਸ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 29 ਮੈਚਾਂ ‘ਚ 618 ਦੌੜਾਂ ਬਣਾਈਆਂ ਹਨ। ਜੇਕਰ ਉਹ 62 ਹੋਰ ਦੌੜਾਂ ਬਣਾ ਲੈਂਦਾ ਹੈ ਤਾਂ ਉਹ ਆਈਪੀਐਲ ਦੇ ਇਤਿਹਾਸ ਵਿੱਚ ਇਸ ਟੀਮ ਖ਼ਿਲਾਫ਼ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਜਾਵੇਗਾ। ਫਿਲਹਾਲ ਸ਼ਿਖਰ ਧਵਨ ਇਸ ਲਿਸਟ ‘ਚ ਸਿਖਰ ‘ਤੇ ਹਨ, ਜਿਨ੍ਹਾਂ ਨੇ ਰਾਜਸਥਾਨ ਖ਼ਿਲਾਫ਼ 679 ਦੌੜਾਂ ਬਣਾਈਆਂ ਹਨ। ਜਦਕਿ ਵਿਰਾਟ ਕੋਹਲੀ ਪੰਜਵੇਂ ਨੰਬਰ ‘ਤੇ ਹਨ।
ਵਿਰਾਟ ਕੋਹਲੀ (Virat Kohli) ਅੱਜ IPL ‘ਚ ਵੱਡਾ ਰਿਕਾਰਡ ਬਣਾ ਸਕਦੇ ਹਨ। ਉਹ ਆਈਪੀਐਲ ਵਿੱਚ ਆਪਣੀਆਂ 7500 ਦੌੜਾਂ ਪੂਰੀਆਂ ਕਰ ਸਕਦਾ ਹੈ। ਹੁਣ ਤੱਕ ਉਸ ਨੇ 241 ਮੈਚਾਂ ‘ਚ 7466 ਦੌੜਾਂ ਬਣਾਈਆਂ ਹਨ। ਜੇਕਰ ਉਹ ਰਾਜਸਥਾਨ ਖ਼ਿਲਾਫ਼ 34 ਦੌੜਾਂ ਬਣਾ ਲੈਂਦਾ ਹੈ ਤਾਂ ਉਹ 7500 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ।
ਟੀ-20 ਕ੍ਰਿਕਟ ਦੇ ਇਤਿਹਾਸ ‘ਚ ਵਿਰਾਟ ਕੋਹਲੀ ਕੋਲ 8000 ਦੌੜਾਂ ਦੇ ਅੰਕੜੇ ਨੂੰ ਛੂਹਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਆਰਸੀਬੀ ਲਈ ਆਈਪੀਐਲ ਵਿੱਚ 241 ਅਤੇ ਚੈਂਪੀਅਨਜ਼ ਲੀਗ ਵਿੱਚ 15 ਮੈਚ ਖੇਡੇ ਹਨ। ਉਨ੍ਹਾਂ ਨੇ 256 ਮੈਚਾਂ ‘ਚ 7890 ਦੌੜਾਂ ਬਣਾਈਆਂ ਹਨ। ਉਹ ਅੱਠ ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ 110 ਦੌੜਾਂ ਦੂਰ ਹੈ।