Virat Kohli

IPL 2024: ਵਿਰਾਟ ਕੋਹਲੀ IPL ਦੇ 10 ਸੈਸ਼ਨਾਂ ‘ਚ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ

ਚੰਡੀਗੜ੍ਹ, 26 ਅਪ੍ਰੈਲ 2024: ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਆਈ.ਪੀ.ਐੱਲ 2024 ਦੇ 41ਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸਨਰਾਈਜ਼ਰਸ ਹੈਦਰਾਬਾਦ (SRH) ਨੂੰ 35 ਦੌੜਾਂ ਨਾਲ ਹਰਾ ਦਿੱਤਾ ।

ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 206 ਦੌੜਾਂ ਬਣਾਈਆਂ। ਜਵਾਬ ‘ਚ ਹੈਦਰਾਬਾਦ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 171 ਦੌੜਾਂ ਹੀ ਬਣਾ ਸਕੀ।

ਇਸ ਮੈਚ ‘ਚ ਵਿਰਾਟ ਕੋਹਲੀ (Virat Kohli)  ਨੇ 51 ਦੌੜਾਂ ਅਤੇ ਰਜਤ ਪਾਟੀਦਾਰ ਨੇ 50 ਦੌੜਾਂ ਬਣਾਈਆਂ। ਵਿਰਾਟ ਕੋਹਲੀ ਆਈ.ਪੀ.ਐੱਲ ਦੇ 10 ਸੈਸ਼ਨਾਂ ‘ਚ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਰਜਤ ਨੇ ਆਈਪੀਐਲ ਵਿੱਚ ਆਰਸੀਬੀ ਲਈ 19 ਗੇਂਦਾਂ ਵਿੱਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ।

ਇਸ ਤੋਂ ਪਹਿਲਾਂ ਉਹ ਸੁਰੇਸ਼ ਰੈਨਾ, ਡੇਵਿਡ ਵਾਰਨਰ, ਸ਼ਿਖਰ ਧਵਨ ਦੇ ਬਰਾਬਰ ਸੀ। ਤਿੰਨੋਂ ਬੱਲੇਬਾਜ਼ਾਂ ਨੇ ਆਈਪੀਐਲ ਦੇ 9 ਸੈਸ਼ਨਾਂ ਵਿੱਚ 400 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਸੀਜ਼ਨ ‘ਚ ਡੇਵਿਡ ਵਾਰਨਰ ਅਤੇ ਸ਼ਿਖਰ ਧਵਨ ਨੂੰ ਕੋਹਲੀ ਦੀ ਬਰਾਬਰੀ ਕਰਨ ਦਾ ਮੌਕਾ ਹੈ।

35 ਸਾਲਾ ਬੱਲੇਬਾਜ਼ ਨੇ 43 ਗੇਂਦਾਂ ‘ਚ 51 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਚਾਰ ਚੌਕੇ ਤੇ ਇਕ ਛੱਕਾ ਲੱਗਾ। ਇਸ ਨਾਲ ਉਸ ਨੇ ਇਸ ਸੀਜ਼ਨ ‘ਚ 400 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਸਟਾਰ ਬੱਲੇਬਾਜ਼ ਨੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਹੁਣ ਤੱਕ ਨੌਂ ਮੈਚ ਖੇਡੇ ਹਨ। ਇਨ੍ਹਾਂ ‘ਚ ਉਨ੍ਹਾਂ ਨੇ 145 ਦੀ ਸਟ੍ਰਾਈਕ ਰੇਟ ਨਾਲ 430 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 40 ਚੌਕੇ ਅਤੇ 17 ਛੱਕੇ ਆਏ।

IPL 2024 ‘ਚ ਸਭ ਤੋਂ ਵੱਧ ਦੌੜਾਂ ਵਾਲੇ ਖਿਡਾਰੀ:-

ਵਿਰਾਟ ਕੋਹਲੀ- 430
ਰੁਤੁਰਾਜ ਗਾਇਕਵਾੜ- 349
ਰਿਸ਼ਭ ਪੰਤ- 342
ਸਾਈ ਸੁਦਰਸ਼ਨ- 334
ਟ੍ਰੈਵਿਸ ਹੈੱਡ- 324

Scroll to Top