ਚੰਡੀਗ੍ਹੜ, 23 ਮਈ 2024: ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਜਦੋਂ ਸ਼ੁੱਕਰਵਾਰ ਨੂੰ ਚੇਨਈ ਦੇ ਚੇਪੌਕ ਸਟੇਡੀਅਮ ‘ਚ ਕੁਆਲੀਫਾਇਰ-2 (Qualifier-2) ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਵਰਗਾ ਹੋਵੇਗਾ। ਹੈਦਰਾਬਾਦ ਨੂੰ ਟੇਬਲ ਵਿੱਚ ਚੋਟੀ ਦੇ ਦੋ ਸਥਾਨਾਂ ‘ਤੇ ਰਹਿਣ ਨਾਲ ਉਸ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਦਾ ਇੱਕ ਹੋਰ ਮੌਕਾ ਮਿਲਦਾ ਹੈ, ਜਦਕਿ ਰਾਜਸਥਾਨ ਕੋਲ ਖ਼ਿਤਾਬੀ ਮੈਚ ਵਿੱਚ ਪ੍ਰਵੇਸ਼ ਕਰਨ ਲਈ ਇੱਕ ਹੋਰ ਰੁਕਾਵਟ ਹੈ। ਦੋਵੇਂ ਟੀਮਾਂ ਇਸ ਤੋਂ ਪਹਿਲਾਂ ਕੁਆਲੀਫਾਇਰ-2 ਵਿਚ ਹਿੱਸਾ ਲੈ ਚੁੱਕੀਆਂ ਹਨ |
ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਕੁਆਲੀਫਾਇਰ-1(Qualifier-1) ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।
ਆਈ.ਪੀ.ਐੱਲ 2024 ਦੇ ਐਲੀਮੀਨੇਟਰ ਵਿੱਚ, ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਅਤੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ ਨੇ 19 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਰਾਜਸਥਾਨ ਨੇ ਫਾਈਨਲ ‘ਚ ਪਹੁੰਚਣ ਲਈ ਪਹਿਲਾ ਅੜਿੱਕਾ ਪਾਰ ਕਰ ਲਿਆ ਸੀ ਪਰ ਟੇਬਲ ‘ਚ ਤੀਜੇ ਸਥਾਨ ‘ਤੇ ਰਹਿਣ ਕਾਰਨ ਹੁਣ ਉਸ ਦਾ ਸਾਹਮਣਾ ਹੈਦਰਾਬਾਦ ਨਾਲ ਹੋਵੇਗਾ।