ਚੰਡੀਗੜ੍ਹ, 25 ਅਪ੍ਰੈਲ 2024: ਅੱਜ ਆਈ.ਪੀ.ਐੱਲ 2024 ਦਾ 41ਵਾਂ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਅੱਜ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦੀ ਟੀਮ ਆਈਪੀਐਲ ਮੈਚ ਦੀ ਅੰਕ ਸੂਚੀ ‘ਚ ਹੇਠਲੇ ਦਰਜੇ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ ਤਾਂ ਉਹ ਫਿਰ ਤੋਂ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰੇਗੀ।
ਆਈਪੀਐਲ ਦੇ ਇਸ ਗੇੜ ਵਿੱਚ ਤਿੰਨ ਵਾਰ 250 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਹੈਦਰਾਬਾਦ (Sunrisers Hyderabad) ਨੇ ਤੂਫਾਨੀ ਬੱਲੇਬਾਜ਼ੀ ਕੀਤੀ, ਜਿਸ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਇਸ ਦਾ ਪਹਿਲਾ ਸ਼ਿਕਾਰ ਬਣੀ ਅਤੇ ਫਿਰ ਬੈਂਗਲੁਰੂ ਵਿੱਚ ਆਰਸੀਬੀ ਖ਼ਿਲਾਫ਼ ਤਿੰਨ ਵਿਕਟਾਂ ’ਤੇ 287 ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ।
ਆਰਸੀਬੀ (Royal Challengers Bengaluru) ਨੇ ਆਪਣੇ ਪਿਛਲੇ ਪੰਜ ਮੈਚਾਂ ਵਿੱਚ ਘੱਟੋ-ਘੱਟ 180 ਦੌੜਾਂ ਬਣਾਈਆਂ ਹਨ ਅਤੇ ਪਿਛਲੇ ਦੋ ਮੈਚਾਂ ਵਿੱਚ ਵਿਰੋਧੀ ਟੀਮ ਨੇ ਉਸ ਖ਼ਿਲਾਫ਼ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਆਰਸੀਬੀ ਦੇ ਬੱਲੇਬਾਜ਼ਾਂ ਨੇ ਆਪਣੀ ਗੇਂਦਬਾਜ਼ੀ ਦੀਆਂ ਕਮੀਆਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਸੰਤੁਲਨ ਦੇ ਲਿਹਾਜ਼ ਨਾਲ ਇੰਨੀ ਕਮਜ਼ੋਰ ਟੀਮ ਲਈ ਹਰਫਨਮੌਲਾ ਪ੍ਰਦਰਸ਼ਨ ਕਰਨਾ ਅਸੰਭਵ ਜਾਪਦਾ ਹੈ।
ਆਰਸੀਬੀ ਨੇ ਬੱਲੇਬਾਜ਼ੀ ਵਿੱਚ ਜ਼ਬਰਦਸਤ ਜਜ਼ਬਾ ਦਿਖਾਇਆ ਪਰ ਇਸ ਦੇ ਬਾਵਜੂਦ ਉਹ ਕੋਲਕਾਤਾ ਨਾਈਟ ਰਾਈਡਰਜ਼ ਤੋਂ ਸਿਰਫ਼ ਇੱਕ ਦੌੜ ਨਾਲ ਹਾਰ ਗਈ। ਹਾਲਾਂਕਿ, ਆਰਸੀਬੀ ਪ੍ਰਬੰਧਨ ਉਨ੍ਹਾਂ ਦੀ ਸੰਯੁਕਤ ਬੱਲੇਬਾਜ਼ੀ ਕੋਸ਼ਿਸ਼ ਤੋਂ ਕਾਫੀ ਸੰਤੁਸ਼ਟ ਹੋਵੇਗਾ। ਵਿਰਾਟ ਕੋਹਲੀ ਟੂਰਨਾਮੈਂਟ ਵਿੱਚ 379 ਦੌੜਾਂ ਬਣਾ ਕੇ ਆਰਸੀਬੀ ਦੇ ਹੁਣ ਤੱਕ ਦੇ ਸਰਵੋਤਮ ਬੱਲੇਬਾਜ਼ ਰਹੇ ਹਨ। ਦਿਨੇਸ਼ ਕਾਰਤਿਕ ਨੇ ਵੀ ਆਖਰੀ ਓਵਰਾਂ ‘ਚ ਆ ਕੇ ਬੱਲੇਬਾਜ਼ੀ ‘ਚ ਅਹਿਮ ਯੋਗਦਾਨ ਪਾਇਆ।