ਚੰਡੀਗੜ੍ਹ, 20 ਮਈ 2024: ਆਈਪੀਐਲ 2024 ਸੀਜ਼ਨ ਹੁਣ ਪਲੇਆਫ ਪੜਾਅ ਵਿੱਚ ਪਹੁੰਚ ਗਿਆ ਹੈ ਅਤੇ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼(Kolkata Knight Riders) ਮੰਗਲਵਾਰ ਨੂੰ ਕੁਆਲੀਫਾਇਰ-1 ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਭਿੜੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਆਈਪੀਐਲ ਦੇ ਇਤਿਹਾਸ ਵਿੱਚ ਕੇਕੇਆਰ ਪਹਿਲੀ ਵਾਰ ਪੁਆਇੰਟ ਟੇਬਲ ਵਿੱਚ ਸਿਖਰ ’ਤੇ ਹੈ, ਜਦਕਿ ਹੈਦਰਾਬਾਦ ਦੀ ਟੀਮ ਨੇ ਵੀ ਗਰੁੱਪ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਸੀਜ਼ਨ ‘ਚ ਕੁੱਲ ਤਿੰਨ ਮੈਚ ਮੀਂਹ ਕਾਰਨ ਰੱਦ ਹੋ ਗਏ ਹਨ, ਇਸ ਲਈ ਮੰਗਲਵਾਰ ਨੂੰ ਅਹਿਮਦਾਬਾਦ ‘ਚ ਮੌਸਮ ਕਿਹੋ ਜਿਹਾ ਰਹੇਗਾ, ਇਹ ਜਾਣਨ ‘ਚ ਸਾਰਿਆਂ ਦੀ ਦਿਲਚਸਪੀ ਹੋਵੇਗੀ।
ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਨੇ ਮੈਚ ਦਾ ਮਜ਼ਾ ਹੀ ਖਰਾਬ ਕਰ ਦਿੱਤਾ ਸੀ। ਮੌਜੂਦਾ ਸੀਜ਼ਨ ‘ਚ ਕੁੱਲ ਤਿੰਨ ਮੈਚ ਮੀਂਹ ਕਾਰਨ ਪੂਰੀ ਤਰ੍ਹਾਂ ਨਾਲ ਧੋਤੇ ਗਏ ਹਨ, ਜਦਕਿ ਇਕ ਮੈਚ ‘ਚ ਮੀਂਹ ਕਾਰਨ ਓਵਰ ਘੱਟ ਕੀਤੇ ਗਏ ਹਨ।
ਮੁੰਬਈ ਇੰਡੀਅਨਜ਼ ਅਤੇ ਕੇਕੇਆਰ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ 16 ਓਵਰਾਂ ਦਾ ਕਰ ਦਿੱਤਾ ਗਿਆ ਸੀ, ਜਦੋਂ ਕਿ ਕੋਲਕਾਤਾ (Kolkata Knight Riders) ਅਤੇ ਗੁਜਰਾਤ ਵਿਚਾਲੇ 13 ਮਈ ਨੂੰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਸੀ, ਜਦੋਂ ਕਿ ਵੀਰਵਾਰ ਨੂੰ ਹੈਦਰਾਬਾਦ ਅਤੇ ਗੁਜਰਾਤ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇੰਨਾ ਹੀ ਨਹੀਂ ਆਈ.ਪੀ.ਐੱਲ 2024 ਦੇ ਗਰੁੱਪ ਪੜਾਅ ਦਾ ਆਖਰੀ ਮੈਚ ਐਤਵਾਰ ਨੂੰ ਗੁਹਾਟੀ ‘ਚ ਕੇਕੇਆਰ ਅਤੇ ਰਾਜਸਥਾਨ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ।
ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ ਕਿ ਮੰਗਲਵਾਰ ਨੂੰ ਜਿਸ ਦਿਨ ਹੈਦਰਾਬਾਦ ਅਤੇ ਕੇਕੇਆਰ ਵਿਚਾਲੇ ਕੁਆਲੀਫਾਇਰ-1 ਮੈਚ ਖੇਡਿਆ ਜਾਣਾ ਹੈ, ਉਸ ਦਿਨ ਮੀਂਹ ਦੀ ਸੰਭਾਵਨਾ ਘੱਟ ਹੈ। ਮੌਸਮ ਵਿਭਾਗ ਮੁਤਾਬਕ ਅਹਿਮਦਾਬਾਦ ਦਾ ਮੌਸਮ ਸੁਹਾਵਣਾ ਅਤੇ ਧੁੱਪ ਵਾਲਾ ਰਹੇਗਾ। ਦਿਨ ਵਧਣ ਨਾਲ ਗਰਮੀ ਵਧੇਗੀ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ।