June 30, 2024 7:47 pm
Jasprit Bumrah

IPL 2024: ਰਾਇਲ ਚੈਲੰਜਰਜ਼ ਬੈਂਗਲੁਰੂ ‘ਤੇ ਕਹਿਰ ਬਣ ਟੁੱਟੇ ਜਸਪ੍ਰੀਤ ਬੁਮਰਾਹ, ਤੋੜੇ ਵੱਡੇ ਰਿਕਾਰਡ

ਚੰਡੀਗੜ੍ਹ, 12 ਅਪ੍ਰੈਲ 2024: ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bengaluru) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇੰਡੀਅਨਜ਼ ਨੇ 15.3 ਓਵਰਾਂ ਵਿੱਚ 197 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਚੌਥੀ ਵਾਰ ਟੀਮ ਨੇ 17 ਓਵਰਾਂ ਤੋਂ ਪਹਿਲਾਂ 190 ਤੋਂ ਵੱਧ ਦਾ ਟੀਚਾ ਹਾਸਲ ਕਰ ਲਿਆ, ਮੁੰਬਈ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ। ਇਸਦੇ ਨਾਲ ਹੀ ਜਸਪ੍ਰੀਤ ਬੁਮਰਾਹ (Jasprit Bumrah) ਨੇ ਬੈਂਗਲੁਰੂ ਖ਼ਿਲਾਫ਼ ਕਈ ਰਿਕਾਰਡ ਤੋੜ ਦਿੱਤੇ |

1. ਜਸਪ੍ਰੀਤ ਬੁਮਰਾਹ ਬੈਂਗਲੁਰੂ ਖ਼ਿਲਾਫ਼ 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼

ਜਸਪ੍ਰੀਤ ਬੁਮਰਾਹ ਨੇ ਬੈਂਗਲੁਰੂ ਖ਼ਿਲਾਫ਼ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਬੁਮਰਾਹ ਆਰਸੀਬੀ ਖ਼ਿਲਾਫ਼ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਸ਼ੀਸ਼ ਨਹਿਰਾ ਦਾ ਰਿਕਾਰਡ ਤੋੜਿਆ, ਜਿਸ ਨੇ 2015 ਵਿੱਚ ਸੀਐਸਕੇ ਲਈ ਖੇਡਦੇ ਹੋਏ 10 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

ਜਸਪ੍ਰੀਤ ਬੁਮਰਾਹ ਨੇ ਆਰਸੀਬੀ ਖ਼ਿਲਾਫ਼ 29 ਵਿਕਟਾਂ ਲਈਆਂ। ਇਸ ਨਾਲ ਉਹ ਆਈਪੀਐਲ ਵਿੱਚ ਆਰਸੀਬੀ ਖ਼ਿਲਾਫ਼ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ। ਉਨ੍ਹਾਂ ਨੇ ਆਰਆਰ ਦੇ ਸੰਦੀਪ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦੇ ਨਾਂ 26 ਵਿਕਟਾਂ ਹਨ।

ਬੁਮਰਾਹ ਦੀ IPL ‘ਚ ਚੌਥੀ ਵਾਰ ਇੱਕ ਪਾਰੀ ‘ਚ 4 ਤੋਂ ਵੱਧ ਵਿਕਟਾਂ

ਜਸਪ੍ਰੀਤ ਬੁਮਰਾਹ ਨੇ IPL ਵਿੱਚ ਚੌਥੀ ਵਾਰ ਇੱਕ ਪਾਰੀ ਵਿੱਚ 4 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਇਸ ਮਾਮਲੇ ਵਿੱਚ ਵੀ ਉਹ ਮੁੰਬਈ ਇੰਡੀਅਨਜ਼ ਦੇ ਪਹਿਲੇ ਗੇਂਦਬਾਜ਼ ਬਣੇ। ਕੁੱਲ ਮਿਲਾ ਕੇ 4 ਭਾਰਤੀ ਖਿਡਾਰੀਆਂ ਨੇ ਅਜਿਹਾ ਕੀਤਾ ਹੈ। ਬੁਮਰਾਹ ਤੋਂ ਇਲਾਵਾ ਲਕਸ਼ਮੀਪਤੀ ਬਾਲਾਜੀ, ਮੋਹਿਤ ਸ਼ਰਮਾ ਅਤੇ ਭੁਵਨੇਸ਼ਵਰ ਕੁਮਾਰ 4-4 ਵਾਰ ਅਜਿਹਾ ਕਰ ਚੁੱਕੇ ਹਨ।

ਬੁਮਰਾਹ ਦੀ ਈਪੀਐਲ ‘ਚ 21ਵੀਂ ਵਾਰ ਇੱਕ ਪਾਰੀ ‘ਚ 3 ਤੋਂ ਵੱਧ ਵਿਕਟਾਂ

ਜਸਪ੍ਰੀਤ ਬੁਮਰਾਹ ਨੇ ਆਈਪੀਐਲ ਵਿੱਚ 21ਵੀਂ ਵਾਰ ਇੱਕ ਪਾਰੀ ਵਿੱਚ 3 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਇਸ ਮਾਮਲੇ ‘ਚ ਵੀ ਉਹ ਆਰਆਰ ਦੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ ‘ਤੇ ਪਹੁੰਚ ਗਿਆ। ਜਿਸ ਦੇ ਨਾਂ ਇੱਕ ਪਾਰੀ ਵਿੱਚ 20 ਵਾਰ 3 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਹੈ।

ਬੁਮਰਾਹ ਦੀ ਦੂਜੀ ਵਾਰ 5 ਵਿਕਟਾਂ ਲਈਆਂ

ਜਸਪ੍ਰੀਤ ਬੁਮਰਾਹ (Jasprit Bumrah) ਨੇ ਆਈਪੀਐਲ ਵਿੱਚ ਦੂਜੀ ਵਾਰ ਪਾਰੀ ਵਿੱਚ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ 2022 ‘ਚ ਉਸ ਨੇ ਕੋਲਕਾਤਾ ਖ਼ਿਲਾਫ਼ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਬੁਮਰਾਹ ਆਈਪੀਐਲ ਵਿੱਚ ਦੋ ਵਾਰ 5+ ਵਿਕਟਾਂ ਲੈਣ ਵਾਲੇ ਪਹਿਲੇ MI ਗੇਂਦਬਾਜ਼ ਬਣ ਗਏ ਹਨ। ਕੁੱਲ ਮਿਲਾ ਕੇ ਉਹ ਆਈਪੀਐਲ ਵਿੱਚ ਅਜਿਹਾ ਕਰਨ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਜੇਮਸ ਫਾਕਨਰ, ਜੈਦੇਵ ਉਨਾਦਕਟ ਅਤੇ ਭੁਵਨੇਸ਼ਵਰ ਕੁਮਾਰ ਅਜਿਹਾ ਕਰ ਚੁੱਕੇ ਹਨ।