ਚੰਡੀਗੜ੍ਹ, 07 ਮਈ 2024: ਅੱਜ ਆਈ.ਪੀ.ਐੱਲ 2024 ਦੇ 56ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (Delhi Capitals) ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੱਥੋਂ ਦਾ ਹਰ ਮੈਚ ਦਿੱਲੀ ਦੀ ਟੀਮ ਲਈ ਕਰੋ ਜਾਂ ਮਰੋ ਹੈ। ਇਕ ਹਾਰ ਵੀ ਉਸ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਇਸ ਦੇ ਨਾਲ ਹੀ ਰਾਜਸਥਾਨ ਪਲੇਆਫ ‘ਚ ਪਹੁੰਚਣ ਦੀ ਦਹਿਲੀਜ਼ ‘ਤੇ ਖੜ੍ਹਾ ਹੈ। ਰਾਜਸਥਾਨ ਦਾ ਅੰਤਿਮ ਚਾਰ ‘ਚ ਪਹੁੰਚਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਦਿੱਲੀ (Delhi Capitals) ਦੇ ਬੱਲੇਬਾਜ਼ਾਂ ਲਈ ਯੁਜਵੇਂਦਰ ਚਾਹਲ ਅਤੇ ਰਵੀਚੰਦਰਨ ਅਸ਼ਵਿਨ ਨੂੰ ਖੇਡਣਾ ਆਸਾਨ ਨਹੀਂ ਹੋਵੇਗਾ। ਉਸ ਤੋਂ ਇਲਾਵਾ ਰਾਇਲਸ ਕੋਲ ਸੰਦੀਪ ਸ਼ਰਮਾ ਦੇ ਰੂਪ ‘ਚ ਇਕ ਹੋਰ ਉਪਯੋਗੀ ਗੇਂਦਬਾਜ਼ ਹੈ।
ਰਾਜਸਥਾਨ ਦੇ ਗੇਂਦਬਾਜ਼ਾਂ ਦੀ ਇਕਾਨਮੀ ਰੇਟ ਵੀ ਚੰਗੀ ਰਹੀ ਹੈ ਪਰ ਦਿੱਲੀ ਕੋਲ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਹੀ ਅਜਿਹੇ ਗੇਂਦਬਾਜ਼ ਹਨ, ਜਿਨ੍ਹਾਂ ਦੀ ਇਕਾਨਮੀ ਰੇਟ ਨੌਂ ਤੋਂ ਹੇਠਾਂ ਹੈ। ਖਲੀਲ ਅਹਿਮਦ, ਮੁਕੇਸ਼ ਕੁਮਾਰ, ਲਿਜ਼ਾਦ ਵਿਲੀਅਮਜ਼ ਅਤੇ ਐਨਰਿਕ ਨੌਰਟਜੇ ਕਾਫੀ ਮਹਿੰਗੇ ਸਾਬਤ ਹੋਏ ਹਨ। ਪਿਛਲੀ ਵਾਰ ਦੋਵੇਂ ਟੀਮਾਂ ਮਾਰਚ ‘ਚ ਜੈਪੁਰ ਵਿੱਚ ਮਿਲੀਆਂ ਸਨ ਜਿਸ ਵਿੱਚ ਦਿੱਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।