ਚੰਡੀਗੜ੍ਹ, 02 ਮਈ 2025: iPhone In india: ਐਪਲ ਦੇ ਸੀਈਓ ਟਿਮ ਕੁੱਕ (Apple CEO Tim Cook) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੂਨ ਤਿਮਾਹੀ ‘ਚ ਅਮਰੀਕਾ ‘ਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ‘ਚ ਬਣਾਏ ਜਾਣਗੇ, ਜਦੋਂ ਕਿ ਚੀਨ ਦੂਜੇ ਦੇਸ਼ਾਂ ਲਈ ਜ਼ਿਆਦਾਤਰ ਡਿਵਾਈਸਾਂ ਦਾ ਨਿਰਮਾਣ ਜਾਰੀ ਰੱਖੇਗਾ। ਇਹ ਕਦਮ ਵਿਸ਼ਵ ਵਪਾਰ ‘ਚ ਵਧਦੀਆਂ ਅਨਿਸ਼ਚਿਤਤਾਵਾਂ ਅਤੇ ਟੈਕਸ ਟੈਰਿਫਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਐਪਲ ਦੀ ਦੂਜੀ ਤਿਮਾਹੀ ਦੀ ਰਿਪੋਰਟ ਜਾਰੀ ਕਰਦਿਆਂ ਟਿਮ ਕੁੱਕ (Apple CEO Tim Cook) ਨੇ ਕਿਹਾ ਕਿ ਅਮਰੀਕਾ ‘ਚ ਵੇਚੇ ਜਾਣ ਵਾਲੇ ਲਗਭਗ ਸਾਰੇ ਆਈਪੈਡ, ਮੈਕ, ਐਪਲ ਘੜੀਆਂ ਅਤੇ ਏਅਰਪੌਡ ਹੁਣ ਵੀਅਤਨਾਮ ‘ਚ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜੂਨ ਤਿਮਾਹੀ ‘ਚ ਸਾਨੂੰ ਉਮੀਦ ਹੈ ਕਿ ਅਮਰੀਕਾ ‘ਚ ਵੇਚੇ ਜਾਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ਤੋਂ ਆਉਣਗੇ।
ਇਸਦੇ ਨਾਲ ਹੀ ਆਈਪੈਡ, ਮੈਕ, ਐਪਲ ਵਾਚ ਅਤੇ ਏਅਰਪੌਡ ਵਰਗੇ ਉਤਪਾਦਾਂ ਦੀ ਸਪਲਾਈ ਵੀਅਤਨਾਮ ਤੋਂ ਕੀਤੀ ਜਾਵੇਗੀ। ਟਿਮ ਕੁੱਕ ਨੇ ਕਿਹਾ ਕਿ ਜੂਨ ਤਿਮਾਹੀ ‘ਚ ਐਪਲ ‘ਤੇ ਲਗਾਏ ਜ਼ਿਆਦਾਤਰ ਟੈਰਿਫ 20 ਫੀਸਦੀ ਬਰੈਕਟ ਦੇ ਅਧੀਨ ਆਉਣਗੇ, ਜੋ ਉਨ੍ਹਾਂ ਉਤਪਾਦਾਂ ‘ਤੇ ਲਾਗੂ ਹੋਣਗੇ ਜਿਨ੍ਹਾਂ ਦਾ ਮੂਲ ਦੇਸ਼ ਚੀਨ ਹੈ।
ਉਨ੍ਹਾਂ ਕਿਹਾ ਦੱਸਿਆ ਕਿ ਅਪ੍ਰੈਲ ‘ਚ ਚੀਨ ਤੋਂ ਆਯਾਤ ਕੀਤੇ ਗਏ ਕੁਝ ਉਤਪਾਦਾਂ ‘ਤੇ 125 ਫੀਸਦੀ ਵਾਧੂ ਟੈਰਿਫ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਚੀਨ ਤੋਂ ਅਮਰੀਕਾ ਭੇਜੇ ਜਾਣ ਵਾਲੇ ਕੁਝ ਐਪਲਕੇਅਰ ਅਤੇ ਉਪਕਰਣਾਂ ‘ਤੇ ਕੁੱਲ ਟੈਕਸ 145 ਫੀਸਦੀ ਹੋ ਗਿਆ ਹੈ।”
ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਆਈਫੋਨ (iPhone) , ਮੈਕ, ਆਈਪੈਡ, ਐਪਲ ਵਾਚ ਅਤੇ ਵਿਜ਼ਨ ਪ੍ਰੋ ਵਰਗੇ ਪ੍ਰਮੁੱਖ ਉਤਪਾਦ ਵਰਤਮਾਨ ‘ਚ ਅਪ੍ਰੈਲ ‘ਚ ਐਲਾਨੇ ਗਏ ਗਲੋਬਲ ਟੈਰਿਫ ਨਿਯਮਾਂ ਦੇ ਅਧੀਨ ਨਹੀਂ ਹਨ, ਕਿਉਂਕਿ ਅਮਰੀਕੀ ਵਣਜ ਵਿਭਾਗ ਨੇ ਸੈਮੀਕੰਡਕਟਰ ਉਪਕਰਣਾਂ ਅਤੇ ਸੰਬੰਧਿਤ ਉਤਪਾਦਾਂ ਦੇ ਆਯਾਤ ਦੀ ਜਾਂਚ ਸ਼ੁਰੂ ਕੀਤੀ ਹੈ।
Read More: iPhone 17 Air: ਲੱਕੜ ਦੀ ਪੈਨਸਿਲ ਨਾਲੋਂ ਵੀ ਪਤਲਾ ਨਵਾਂ ਆਈਫੋਨ 17 ਏਅਰ