Ayodhya

ਅਯੁੱਧਿਆ ‘ਚ ਰਾਮ ਮੰਦਰ ਬਾਰੇ ਫੈਸਲੇ ਦੇਣ ਵਾਲੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ ਪ੍ਰਾਣ ਪ੍ਰਤਿਸ਼ਠਾ ਲਈ ਭੇਜਿਆ ਸੱਦਾ

ਚੰਡੀਗੜ੍ਹ, 20 ਜਨਵਰੀ 2024: ਅਯੁੱਧਿਆ (Ayodhya)  ‘ਚ ਰਾਮ ਮੰਦਰ ਦੀ ਉਸਾਰੀ ‘ਤੇ ਫੈਸਲਾ ਦੇਣ ਵਾਲੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਪੰਜ ਜੱਜਾਂ ਨੂੰ ਵੀ 22 ਜਨਵਰੀ ਨੂੰ ਹੋਣ ਵਾਲੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ‘ਚ ਰਾਜ ਮਹਿਮਾਨ ਵਜੋਂ ਸੱਦਿਆ ਗਿਆ ਹੈ, ਜਿਨ੍ਹਾਂ ‘ਚ ਸੁਪਰੀਮ ਕੋਰਟ ਚੀਫ ਜਸਟਿਸ ਡੀਵਾਈ ਚੰਦਰਚੂੜ ਤੋਂ ਇਲਾਵਾ ਸਾਬਕਾ ਸੀਜੇਆਈ ਰੰਜਨ ਗੋਗੋਈ, ਜਸਟਿਸ ਐਸਏ ਬੋਬੜੇ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ ਅਬਦੁਲ ਨਜ਼ੀਰ ਸ਼ਾਮਲ ਹਨ।

ਇਹ ਪੰਜ ਜੱਜ ਉਸ ਸੰਵਿਧਾਨਕ ਬੈਂਚ ਦਾ ਹਿੱਸਾ ਸਨ ਜਿਸ ਨੇ 9 ਨਵੰਬਰ 2019 ਨੂੰ ਰਾਮ ਮੰਦਰ ‘ਤੇ ਫੈਸਲਾ ਦਿੱਤਾ ਸੀ। ਸਮਾਗਮ ਵਿੱਚ ਸੱਦੇ ਗਏ ਮਹਿਮਾਨਾਂ ਦੀ ਇਸ ਸੂਚੀ ਵਿੱਚ 8 ਹਜ਼ਾਰ ਸ਼ਾਮਲ ਹਨ। ਇਨ੍ਹਾਂ ਵਿੱਚ ਦੇਸ਼ ਦੇ ਪ੍ਰਮੁੱਖ ਸਿਆਸਤਦਾਨ, ਜੱਜ, ਪ੍ਰਮੁੱਖ ਉਦਯੋਗਪਤੀ, ਚੋਟੀ ਦੇ ਫਿਲਮੀ ਸਿਤਾਰੇ, ਖਿਡਾਰੀ, ਨੌਕਰਸ਼ਾਹ ਅਤੇ ਡਿਪਲੋਮੈਟ ਸ਼ਾਮਲ ਹਨ।

ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ, ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣਗੇ। 55 ਪੰਨਿਆਂ ਦੀ ਮਹਿਮਾਨ ਸੂਚੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਵੀਆਈਪੀ ਅਤੇ ਮਸ਼ਹੂਰ ਹਸਤੀਆਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਅਯੁੱਧਿਆ ਵਿੱਚ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ।

ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ‘ਤੇ ਅੰਤਿਮ ਫੈਸਲਾ 9 ਨਵੰਬਰ 2019 ਨੂੰ ਲਿਆ ਗਿਆ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ 2.77 ਏਕੜ ਦੀ ਵਿਵਾਦਿਤ ਜ਼ਮੀਨ ਰਾਮ ਲੱਲਾ ਦਾ ਜਨਮ ਸਥਾਨ (Ayodhya) ਹੈ। ਅਦਾਲਤ ਨੇ ਇਸ ਜ਼ਮੀਨ ਨੂੰ ਟਰੱਸਟ ਨੂੰ ਸੌਂਪਣ ਦਾ ਆਪਣਾ ਫੈਸਲਾ ਸੁਣਾਇਆ ਸੀ ਜੋ ਬਾਅਦ ਵਿੱਚ ਭਾਰਤ ਸਰਕਾਰ ਵੱਲੋਂ ਬਣਾਈ ਗਈ ਸੀ।

ਸੁਪਰੀਮ ਕੋਰਟ ਨੇ ਸਰਕਾਰ ਨੂੰ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਵੱਖਰੀ 5 ਏਕੜ ਜ਼ਮੀਨ ਦੇਣ ਲਈ ਵੀ ਕਿਹਾ ਸੀ ਤਾਂ ਜੋ ਬੋਰਡ ਮਸਜਿਦ ਬਣਾ ਸਕੇ। 6 ਦਸੰਬਰ 1992 ਨੂੰ ਇੱਕ ਭੀੜ ਨੇ ਬਾਬਰੀ ਮਸੀਤ ਨੂੰ ਢਾਹ ਦਿੱਤੀ ਸੀ। ਰਾਮ ਮੰਦਰ ਦਾ ਉਦਘਾਟਨ ਪ੍ਰੋਗਰਾਮ 22 ਜਨਵਰੀ ਨੂੰ ਹੋਣਾ ਹੈ। ਇਸ ਦੇ ਲਈ ਕੁਝ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।

Scroll to Top