ਬਲਜੀਤ ਸਿੰਘ ਦਾਦੂਵਾਲ ਵੱਲੋਂ

ਬਲਜੀਤ ਸਿੰਘ ਦਾਦੂਵਾਲ ਵੱਲੋਂ ਵਿਜੇ ਸਾਂਪਲਾ ਨਾਲ ਕੀਤੀ ਗਈ ਮੁਲਾਕਾਤ

ਚੰਡੀਗੜ੍ਹ ,21 ਅਗਸਤ 2021 : ਐਸਸੀ ਕਮਿਸ਼ਨ ਦੇ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਦੇ ਸੱਦੇ ਉਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਨ੍ਹਾਂ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਸਿੱਖ ਧਰਮ ਵਿੱਚ ਦਲਿਤਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿਚ ਲੰਬੀ ਵਿਚਾਰ ਚਰਚਾ ਕੀਤੀ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਵਿਜੇ ਸਾਂਪਲਾ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਵਾਸਤੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਆ ਰਹੇ ਸਨ ਪਰ ਮੁਲਾਕਾਤ ਸੰਭਵ ਨਾ ਹੋ ਸਕੀ ਜਿਸ ਕਰਕੇ ਉਹਨਾਂ ਨੇ ਸਾਨੂੰ ਦਿੱਲੀ ਐਸਸੀ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਬੁਲਾਇਆ ਸੀ ਜਿਥੇ ਉਨ੍ਹਾਂ ਨੇ ਸਾਡੇ ਨਾਲ ਸਿੱਖ ਧਰਮ ਵਿੱਚ ਦਲਿਤਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕਈ ਪਿੰਡਾਂ ਦਾ ਜ਼ਿਕਰ ਕਰਕੇ ਵਿਜੇ ਸਾਂਪਲਾ ਨੇ ਦੱਸਿਆ ਕਿ ਗੁਰਦੁਆਰਿਆਂ ਦੇ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਵਿਤਕਰੇ ਦੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਕੋਈ ਹੱਲ ਕੱਢਿਆ ਜਾਵੇ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਾਨੂੰ ਵੀ ਧਰਮ ਪ੍ਰਚਾਰ ਦੌਰਾਨ ਐਸੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ।

ਇਸੇ ਸੰਬੰਧ ਵਿਚ ਵਿਜੇ ਸਾਂਪਲਾ ਕੋਲ ਵੀ ਸ਼ਿਕਾਇਤਾਂ ਪੁੱਜੀਆਂ ਸਨ। ਉਨ੍ਹਾਂ ਸ਼ਿਕਾਇਤਾਂ ਦੇ ਸਬੰਧ ਵਿਚ ਹੀ ਉਹ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਸਨ ਤੇ ਇੱਕ ਜ਼ਿੰਮੇਵਾਰ ਅਹੁਦੇ ਉਤੇ ਹੁੰਦਿਆਂ ਸਾਨੂੰ ਹਰੇਕ ਨਾਲ ਗੱਲਬਾਤ ਕਰਨੀ ਪੈਂਦੀ ਹੈ।

ਜ਼ਿਕਰਯੋਗ ਹੈ ਕਿ ਚੇਅਰਮੈਨ ਵਿਜੇ ਸਾਂਪਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਦਲਿਤ ਮਸਲਿਆਂ ਸਬੰਧੀ ਮੁਲਾਕਾਤ ਕਰ ਚੁੱਕੇ ਹਨ ਅਤੇ ਕਈ ਸਿੱਖ ਪ੍ਰਚਾਰਕ ਸੰਤ ਮਹਾਂਪੁਰਸ਼ਾਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।

Scroll to Top