July 7, 2024 10:22 am
Amritsar police

ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦਾ ਪਰਦਾਫਾਸ਼, 10 ਪਿਸਤੌਲ ਵੀ ਬਰਾਮਦ

ਚੰਡੀਗੜ੍ਹ, 29 ਨਵੰਬਰ 2023: ਪੰਜਾਬ ਦੀ ਅੰਮ੍ਰਿਤਸਰ ਪੁਲਿਸ (Amritsar police) ਨੇ ਇੱਕ ਅੰਤਰਰਾਜੀ ਹਥਿਆਰ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਇਹ ਮੁਲਜ਼ਮ ਬਦਮਾਸ਼ ਜੱਗੂ ਭਗਵਾਨਪੁਰੀਆ ਦੇ ਕਹਿਣ ‘ਤੇ ਕੰਮ ਕਰਦਾ ਸੀ। ਅੰਮ੍ਰਿਤਸਰ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ 10 ਪਿਸਤੌਲ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਕੁੱਲ 6 ਜਣਿਆਂ ਨੂੰ ਗ੍ਰਿਫ਼ਤਾਰ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮ ਨੇ ਮੁਲਜ਼ਮਾਂ ਕੋਲੋਂ 10 32 ਬੋਰ ਦਾ ਪਿਸਤੌਲ, ਇੱਕ ਬੈਕਪੈਕ ਅਤੇ ਪਲੈਟੀਨਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਪੰਜਾਬ ਪੁਲਿਸ ਨੂੰ ਮੱਧ ਪ੍ਰਦੇਸ਼ ਤੋਂ ਸੂਬੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਬਾਰੇ ਸੂਹ ਮਿਲੀ ਸੀ। ਜਿਸ ਤੋਂ ਬਾਅਦ ਏਡੀਸੀਪੀ ਸਿਟੀ 3 ਅਭਿਮਨਿਊ ਰਾਣਾ ਦੀ ਅਗਵਾਈ ਵਿੱਚ ਥਾਣਾ ਮਕਬੂਲਪੁਰਾ ਦੀ ਪੁਲਿਸ ਟੀਮ ਨੇ ਇਲਾਕੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਮੁਲਜ਼ਮ ਕੋਲੋਂ 10 ਪਿਸਤੌਲ ਬਰਾਮਦ ਕੀਤੇ ਗਏ।

ਪੁਲਿਸ ਕਮਿਸ਼ਨਰ (Amritsar police) ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਲਈ ਹਵਾਲਾ ਰਾਹੀਂ ਪੈਸੇ ਲੈ ਰਹੇ ਸਨ। ਇੰਨਾ ਹੀ ਨਹੀਂ ਇਹ ਗੈਂਗ ਆਉਣ ਵਾਲੇ ਸਮੇਂ ‘ਚ ਟਾਰਗੇਟ ਕਿਲਿੰਗ ਲਈ ਵੀ ਤਿਆਰ ਸੀ। ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਮੁਲਜ਼ਮ ਜੱਸੀ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25 (8) 54/59 ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਵੀ ਮੁਲਜ਼ਮ ਖ਼ਿਲਾਫ਼ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ 3 ਕੇਸ ਦਰਜ ਹਨ।