Internet

Internet Shutdown: ਇੰਟਰਨੈੱਟ ਬੰਦ ਕਰਨ ਦੇ ਮਾਮਲੇ ‘ਚ ਭਾਰਤ ਨੰਬਰ-1, ਸਭ ਤੋਂ ਵੱਧ ਜੰਮੂ-ਕਸ਼ਮੀਰ ‘ਚ ਕੀਤਾ ਬੰਦ

ਚੰਡੀਗੜ੍ਹ, 01 ਮਾਰਚ 2023: ਭਾਰਤ ਲਗਾਤਾਰ ਪੰਜਵੇਂ ਸਾਲ ਦੁਨੀਆ ਵਿੱਚ ਇੰਟਰਨੈੱਟ (Internet) ਬੰਦ ਹੋਣ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਹੈ। 2022 ਵਿੱਚ ਦੁਨੀਆ ਵਿੱਚ ਕੁੱਲ 187 ਵਾਰ ਇੰਟਰਨੈਟ ‘ਤੇ ਪਾਬੰਦੀ ਲਗਾਈ ਗਈ ਸੀ, ਜਿਸ ਵਿੱਚੋਂ 84 ਵਾਰ ਭਾਰਤ ਵਿੱਚ ਪਾਬੰਦੀ ਲਗਾਈ ਗਈ ਸੀ। ਇਸ ਵਿਚ ਵੀ ਜੰਮੂ-ਕਸ਼ਮੀਰ ਵਿਚ ਸਭ ਤੋਂ ਵੱਧ ਇੰਟਰਨੈਟ ਪਾਬੰਦੀ ਲਗਾਈ ਗਈ ਸੀ। ਇੱਥੇ ਇੱਕ ਸਾਲ ਵਿੱਚ 49 ਵਾਰ ਇੰਟਰਨੈੱਟ ਬੰਦ ਹੋਇਆ। ਇਹ ਰਿਪੋਰਟ ਮੰਗਲਵਾਰ ਨੂੰ ਨਿਊਯਾਰਕ ਸਥਿਤ ਡਿਜ਼ੀਟਲ ਰਾਈਟਸ ਐਡਵੋਕੇਸੀ ਗਰੁੱਪ ਐਕਸੈਸ ਨਾਓ ਦੁਆਰਾ ਜਾਰੀ ਕੀਤੀ ਗਈ।

ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਨਵਰੀ ਅਤੇ ਫਰਵਰੀ 2022 ‘ਚ ਕਸ਼ਮੀਰ ‘ਚ ਸਿਆਸੀ ਅਸਥਿਰਤਾ ਅਤੇ ਹਿੰਸਾ ਕਾਰਨ ਤਿੰਨ ਦਿਨ ਲਗਾਤਾਰ ਇੰਟਰਨੈੱਟ (Internet) ਬੰਦ ਰਿਹਾ। ਇਸ ਦੇ ਲਈ ਇਕ ਤੋਂ ਬਾਅਦ ਇਕ 16 ਆਦੇਸ਼ ਜਾਰੀ ਕੀਤੇ ਗਏ ਸਨ । ਅਗਸਤ 2019 ਵਿੱਚ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਗਠਨ ਤੋਂ ਬਾਅਦ, ਸਰਕਾਰ ਸੁਰੱਖਿਆ ਕਾਰਨਾਂ ਕਰਕੇ ਕਈ ਖੇਤਰਾਂ ਵਿੱਚ ਸੰਚਾਰ ‘ਤੇ ਲਗਾਤਾਰ ਪਾਬੰਦੀ ਲਗਾ ਰਹੀ ਹੈ।

ਇਸ ਸੂਚੀ ‘ਚ ਯੂਕਰੇਨ ਦੂਜੇ ਨੰਬਰ ‘ਤੇ ਸੀ। ਰਿਪੋਰਟ ਅਨੁਸਾਰ 24 ਫਰਵਰੀ, 2022 ਨੂੰ, ਰੂਸ ਦੁਆਰਾ ਯੁੱਧ ਛੇੜਨ ਤੋਂ ਬਾਅਦ, ਰੂਸੀ ਫੌਜ ਨੇ ਲਗਭਗ 22 ਵਾਰ ਯੂਕਰੇਨ ਵਿੱਚ ਇੰਟਰਨੈਟ ਕਨੈਕਸ਼ਨ ‘ਤੇ ਪਾਬੰਦੀ ਲਗਾਈ ਗਈ ਸੀ। ਫੌਜ ਨੇ ਸਾਈਬਰ ਹਮਲੇ ਕੀਤੇ ਅਤੇ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ।

ਇਸ ਸੂਚੀ ਵਿੱਚ ਇਰਾਨ ਤੀਜੇ ਨੰਬਰ ‘ਤੇ ਸੀ ਜਿੱਥੇ 2022 ਵਿੱਚ ਪ੍ਰਸ਼ਾਸਨ ਨੇ 18 ਵਾਰ ਇੰਟਰਨੈਟ ਬੰਦ ਕੀਤਾ ਸੀ। ਇੱਥੇ 16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ 22 ਸਾਲਾ ਕੁਰਦ-ਈਰਾਨੀ ਔਰਤ ਮਾਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਏ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਇੰਟਰਨੈੱਟ ‘ਤੇ ਪਾਬੰਦੀ ਲਾ ਦਿੱਤੀ ਸੀ ।

ਭਾਰਤ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਕੁੱਲ 654 ਵਾਰ ਇੰਟਰਨੈੱਟ ਉੱਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ, ਦੁਨੀਆ ਭਰ ਵਿੱਚ ਕੁੱਲ 1,120 ਵਾਰ ਇੰਟਰਨੈਟ ਬੰਦ ਕੀਤੇ ਗਏ ਸਨ। ਭਾਰਤ ਵਿੱਚ 2017 ਵਿੱਚ 69 ਵਾਰ ਇੰਟਰਨੈੱਟ ਉੱਤੇ ਪਾਬੰਦੀ ਲਗਾਈ ਗਈ ਸੀ। ਇਸ ਤੋਂ ਬਾਅਦ ਹਰ ਸਾਲ ਲਗਾਤਾਰ ਦੇਸ਼ ‘ਚ 100 ਤੋਂ ਵੱਧ ਵਾਰ ਇੰਟਰਨੈੱਟ ‘ਤੇ ਪਾਬੰਦੀ ਲਗਾਈ ਗਈ। 2017 ਤੋਂ ਬਾਅਦ ਪਹਿਲੀ ਵਾਰ 2022 ਵਿੱਚ ਇਹ ਅੰਕੜਾ 100 ਤੋਂ ਘੱਟ ਸੀ।

ਸਾਲ 2021 ‘ਚ ਪੂਰੀ ਦੁਨੀਆ ‘ਚ ਕੁੱਲ 30,000 ਘੰਟੇ ਇੰਟਰਨੈੱਟ ਬੰਦ ਰਿਹਾ, ਜਿਸ ਕਾਰਨ 5.45 ਅਰਬ ਡਾਲਰ ਯਾਨੀ ਕਰੀਬ 40,300 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਬੰਦ ਦਾ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਤੀਜੇ ਨੰਬਰ ‘ਤੇ ਸੀ। ਭਾਰਤ ‘ਚ ਸਾਲ 2021 ‘ਚ 1,157 ਘੰਟੇ ਇੰਟਰਨੈੱਟ ਬੰਦ ਰਿਹਾ, ਜਿਸ ਕਾਰਨ 582.8 ਮਿਲੀਅਨ ਡਾਲਰ ਯਾਨੀ ਲਗਭਗ 4,300 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇੰਟਰਨੈੱਟ ਬੰਦ ਹੋਣ ਕਾਰਨ 5.9 ਕਰੋੜ ਲੋਕ ਵੀ ਪ੍ਰਭਾਵਿਤ ਹੋਏ ਹਨ। ਕਿਸਾਨ ਅੰਦੋਲਨ ਦੌਰਾਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਲੰਮਾ ਸਮਾਂ ਇੰਟਰਨੈੱਟ ਬੰਦ ਰਿਹਾ।

Scroll to Top