ਅੰਮ੍ਰਿਤਸਰ, 01 ਮਈ 2023: ਪੂਰੇ ਦੇਸ਼ ਵਿੱਚ 01 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (International Labour Day) ਮਨਾਇਆ ਜਾ ਰਿਹਾ ਹੈ | ਇਸ ਦਿਨ ਦਾ ਦੁਨੀਆਂ ਦੇ ਮਿਹਨਤਕਸ਼ ਮਜਦੂਰਾਂ ਲਈ ਵਿਸ਼ੇਸ਼ ਮਹੱਤਵ ਹੈ, ਇਸਦੀ ਸ਼ੁਰੂਆਤ ਮਜਦੂਰਾਂ ਦੇ ਕੰਮ ਦੇ 08 ਘੰਟੇ ਕਰਨ ਨੂੰ ਲੈ ਕੇ ਕੀਤੇ ਗਏ ਸੰਘਰਸ ਨਾਲ ਹੋਈ ਸੀ | ਇਸ ਸੰਬੰਧੀ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਅੰਸਲ ਨੇ ਦੱਸਿਆ ਕਿ ਮਜਦੂਰਾਂ ਤੋਂ ਪਹਿਲਾਂ 12-14 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਜੇਕਰ ਕੋਈ ਇਸ ਸ਼ੋਸ਼ਣ ਖ਼ਿਲਾਫ਼ ਬੋਲਦਾ ਸੀ ਤਾਂ ਉਸਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਸੀ |
ਇਸ ਸ਼ੋਸ਼ਣ ਦੇ ਖ਼ਿਲਾਫ਼ ਅਮਰੀਕਾ ਵਿੱਚ 01 ਮਈ ਨੂੰ ਮਜਦੂਰ ਜਥੇਵੰਦੀਆਂ ਨੇ ਇੱਕ ਦਿਨ ਦੀ ਹੜਤਾਲ ਕੀਤੀ, ਜਿਸਨੂੰ ਭਰਪੂਰ ਸਮਰਥਨ ਮਿਲਿਆ 04 ਮਈ 1886 ਨੂੰ ਸ਼ਿਕਾਗੋ ਵਿੱਚ ਜਦੋਂ ਮਜ਼ਦੂਰਾਂ ਦੇੇ ਸ਼ੋਸ਼ਣ ਨੂੰ ਰੋਕਣ ਲਈ ਮਜਦੂਰ ਇਕੱਠੇ ਹੋ ਕੇ ਮੰਗ ਕਰ ਰਹੇ ਸਨ ਕਿ ਇਸ ਦੌਰਾਨ ਸਮਰਜਵਾਦ ਦੇ ਅਹਿਲਕਾਰਾਂ ਵਲੋ ਧਰਨੇ ਵਾਲੀ ਥਾਂ ‘ਤੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ 04 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਪੁਲਿਸ ਮੁਲਾਜਮ ਵੀ ਮਾਰੇ ਗਏ |
ਇਸਦੇ ਨਾਲ ਹੀ ਵੱਖ-ਵੱਖ ਥਾਵਾਂ ਤੇ ਮਜ਼ਦੂਰਾਂ ਦੀ ਮਾੜ੍ਹੀ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਅਤੇ ਘੋਸ਼ਿਤ ਕੀਤੀਆਂ ਜਾਂਦੀਆਂ ਹਨ | ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਹਰ ਸਾਲ ਵਾਂਗ ਬੇਸ਼ੱਕ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ‘ਤੇ ਵੱਡੇ-ਵੱਡੇ ਸਮਾਗਮ ਕਰਵਾਏ ਜਾਣਗੇ, ਪਰੰਤੂ ਜਦੋਂ ਤੱਕ ਮਜ਼ਦੂਰ ਵਿਰੋਧੀ ਨੀਤੀਆਂ ਖ਼ਤਮ ਕਰਕੇ ਮਜਦੂਰਾਂ ਦੀਆਂ ਭਲਾਈ ਲਈ ਯੋਗ ਸਕੀਮਾਂ ਬਣਾਈਆਂ ਅਤੇ ਗੰਭੀਰਤਾ ਨਾਲ ਲਾਗੂ ਨਹੀਂ ਕੀਤੀਆਂ ਜਾਂਦੀਆਂ ਹਨ ਉਦੋਂ ਤੱਕ ਬਹੁਤੇ ਮਜਦੂਰਾਂ ਲਈ 01 ਮਈ ਮਜ਼ਦੂਰ ਦਿਵਸ ਵੀ ਇੱਕ ਵੱਡੀ ਬੁਝਾਰਤ ਅਤੇ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ |