ਚੰਡੀਗੜ੍ਹ,10 ਅਗਸਤ 2023: ਜ਼ਿਲ੍ਹਾ ਗੁਰਦਾਸਪੁਰ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ਼ ਮਨੂ ਮਸਾਣਾ (Mannu Masana) ਦੀ ਮੈਚ ਦੌਰਾਨ ਮੌਤ ਹੋ ਗਈ ਹੈ। ਪਿੰਡ ਖਤਰਾਏ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚੱਲ ਰਹੇ ਕਬੱਡੀ ਕੱਪ ਦੇ ਮੈਚ ਦੌਰਾਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਮਨੂ ਮਸਾਣਾ ਨੇ ਪਹਿਲਾ ਮੈਚ ਨਿਊਜ਼ੀਲੈਂਡ ‘ਚ ਖੇਡਿਆ, ਜਿਸ ਤੋਂ ਬਾਅਦ ਉਸ ਦੀ ਚਰਚਾ ਪੂਰੇ ਕਬੱਡੀ ਜਗਤ ‘ਚ ਹੋਣ ਲੱਗੀ।
ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਹਲਕੇ ਨਾਲ ਸਬੰਧਤ ਪਿੰਡ ਮਸਾਣਾ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਨੂ ਪਿੰਡ ਦਾ ਹੋਣਹਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ। ਉਹ ਕਬੱਡੀ ਵਿੱਚ ਜਾਫੀ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਿਤਾ ਮੋਹਨ ਸਿੰਘ ਦਾ ਪਿਛਲੇ ਮਹੀਨੇ ਦਿਹਾਂਤ ਹੋ ਗਿਆ ਸੀ। ਉਹ ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਆਇਆ ਹੈ। ਉਹ ਆਪਣੇ ਪਿੱਛੇ ਛੋਟਾ ਭਰਾ ਪ੍ਰਭਜੋਤ ਸਿੰਘ, ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ।