Sikh Environment Day

ਸਿੱਖ ਵਾਤਾਵਰਨ ਦਿਵਸ ‘ਤੇ ਦਰਿਆਵਾਂ ਲਈ ਕੁੱਝ ਕਰਨ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ

ਲੁਧਿਆਣਾ/ਵਲੀਪੁਰ, 14 ਮਾਰਚ 2023: ਅੱਜ ਲੁਧਿਆਣਾ ਨੇੜੇ ਪਿੰਡ ਵਲੀਪੁਰ ਵਿਖੇ ਬੁੱਢਾ ਦਰਿਆ ਅਤੇ ਸਤਲੁਜ ਦੇ ਸੰਗਮ ‘ਤੇ ਵਾਤਾਵਰਨ ਪ੍ਰੇਮੀਆਂ ਨੇ ਸਿੱਖ ਵਾਤਾਵਰਨ ਦਿਵਸ (Sikh Environment Day) ਅਤੇ ਦਰਿਆਵਾਂ ਲਈ ਕੁੱਝ ਕਰਨ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ। ਬੁੱਢਾ ਦਰਿਆ ਪੰਜਾਬ ਦੀ ਸਭ ਤੋਂ ਮੁਸ਼ਕਲ ਪ੍ਰਦੂਸ਼ਣ ਸਮੱਸਿਆ ਹੈ ਜਿਸ ਨੇ ਦਹਾਕਿਆਂ ਤੋਂ ਲਗਾਤਾਰ ਸਰਕਾਰਾਂ ਨੂੰ ਚੁਣੌਤੀ ਦਿੱਤੀ ਹੈ।

ਅੱਜ ਦੇ ਸਮਾਗਮ ਬਾਰੇ ਗੱਲ ਕਰਦਿਆਂ ਪ੍ਰਬੰਧਕਾਂ ਵਿੱਚੋਂ ਇੱਕ, ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਅੱਜ ਦਾ ਇਹ ਸਮਾਗਮ ਬੁੱਢੇ ਦਰਿਆ ਕਾਰਨ ਸਤਲੁਜ ਦੇ ਹੋ ਰਹੇ ਪ੍ਰਦੂਸ਼ਣ ਦੇ ਸੰਬੰਧ ਵਿੱਚ ਹੈ ਜੋ ਕਿ ਪੰਜਾਬ ਵਿੱਚ ਜਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਹੈ। ਪਿੱਛਲੀਆਂ ਕਈ ਸਰਕਾਰਾਂ ਇਸ ਨੂੰ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ ਅਤੇ ਮੌਜੂਦਾ ਪੰਜਾਬ ਸਰਕਾਰ ਵੀ ਇਸਦੇ ਖਿਲਾਫ ਸੰਘਰਸ਼ ਹੀ ਕਰ ਰਹੀ ਹੈ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਲੁਧਿਆਣਾ ਵਿੱਚ ਡੇਅਰੀ ਕਲੱਸਟਰਾਂ ਨੂੰ ਹਟਾ ਕੇ ਪਿੰਡਾਂ ਵਿੱਚ ਖਿੰਡਾਅ ਦੇਣ ਵਰਗੇ ਠੋਸ ਕਦਮ ਚੁੱਕੇ ਅਤੇ ਵਾਟਰ ਐਕਟ 1974 ਵਰਗੇ ਕਾਨੂੰਨਾਂ ਨੂੰ ਪ੍ਰਦੂਸ਼ਣ ਫ਼ੈਲਾਉਣ ਵਾਲੇ ਉਦਯੋਗਾਂ ਵਿੱਰੁਧ ਪੂਰੀ ਤਰ੍ਹਾਂ ਨਾਲ ਲਾਗੂ ਕਰਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸਤਲੁਜ ਮਾਲਵੇ ਦੇ ਲੋਕਾਂ ਦੀ ਜੀਵਨ ਰੇਖਾ ਹੈ। ਦੱਖਣੀ ਪੰਜਾਬ ਦੇ ਲੋਕਾਂ ਕੋਲ ਬੁੱਢੇ ਦਰਿਆ ਦੇ ਇਸ ਕਾਲੇ ਪਾਣੀ ਨੂੰ ਪੀਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਜੋ ਕਿ ਲੁਧਿਆਣੇ ਦੇ ਸੀਵਰੇਜ ਅਤੇ ਉਦਯੋਗਾਂ ਦੇ ਜ਼ਹਿਰੀਲੇ ਰਸਾਇਣਾਂ ਨੂੰ ਢੋਹ ਕੇ ਲਿਆਉਂਦਾ ਹੈ।ਸਾਡੇ ਗੁਰੂ ਘਰ ਇਸੇ ਪਾਣੀ ਦੀ ਵਰਤੋਂ ਕਰਕੇ ਲੰਗਰ ਤਿਆਰ ਕਰਦੇ ਹਨ। ਇਸ ਤਰਸਯੋਗ ਸਥਿਤੀ ਨੂੰ ਹੋਰ ਜਾਰੀ ਰੱਖੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਲੋਕਾਂ ਨੂੰ ਹੁਣ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਕੋਲ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਾ ਚਾਹੀਦਾ ਹੈ।”

ਈਕੋਸਿੱਖ ਸੰਸਥਾ ਜਿਸ ਨੇ ਲਗਭਗ ਇੱਕ ਦਹਾਕਾ ਪਹਿਲਾਂ ਸਿੱਖ ਵਾਤਾਵਰਣ ਦਿਵਸ (Sikh Environment Day) ਮਨਾਉਣ ਦੀ ਸ਼ੁਰੂਆਤ ਕੀਤੀ ਸੀ, ਦੇ ਸਤਨਾਮ ਸਿੰਘ ਨੇ ਕਿਹਾ, “ਵਾਤਾਵਰਣ ਦੀ ਸੁਰੱਖਿਆ ਅੱਜ ਵਿਸ਼ਵ ਵਿੱਚ ਸਭ ਤੋਂ ਗੰਭੀਰ ਮੁੱਦਾ ਹੈ ਅਤੇ ਸਿੱਖ ਵਾਤਾਵਰਣ ਦਿਵਸ ਸਾਨੂੰ ਆਪਣੇ ਆਪ ਨੂੰ ਅਤੇ ਸਰਕਾਰਾਂ ਨੂੰ ਉਨ੍ਹਾਂ ਦੇ ਗੰਭੀਰ ਫਰਜ਼ਾਂ ਨੂੰ ਯਾਦ ਕਰਾਉਣ ਦਾ ਇੱਕ ਮੌਕਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਬਚਾਉਣਾ ਹੀ ਪਵੇਗਾ।”

Sikh Environment Day

ਪਰਮਪਾਲ ਸਿੰਘ ਮੁੱਖ ਕੋਆਰਡੀਨੇਟਰ, ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਨੇ ਕਿਹਾ, “ਸਾਰੇ ਧਰਮ ਵਾਤਾਵਰਨ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹਨ ਕਿਉਂਕਿ ਇਹ ਤਾਂ ਜੀਵਨ ਦਾ ਅਧਾਰ ਹੈ। ਸਾਫ਼ ਪਾਣੀ ਮਨੁੱਖਤਾ ਅਤੇ ਸਾਰੇ ਜੀਵਾਂ ਦੀ ਇੱਕ ਅਤਿ ਜ਼ਰੂਰੀ ਲੋੜ ਹੈ ਅਤੇ ਸਤਲੁਜ ਦੇ ਇਸ ਪਤਨ ਅਤੇ ਪ੍ਰਦੂਸ਼ਣ ਨੂੰ ਰੋਕਣਾ ਚਾਹੀਦਾ ਹੈ।”

ਬੁੱਢਾ ਦਰਿਆ ਐਕਸ਼ਨ ਫਰੰਟ ਦੇ ਗੁਰਪ੍ਰੀਤ ਸਿੰਘ ਪਲਾਹਾ ਨੇ ਕਿਹਾ, “ਅਸੀਂ ਹਰ ਮੌਕੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਵਿਰੁੱਧ ਲੜਾਈ ਜਾਰੀ ਰੱਖਦੇ ਹਾਂ। ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਹਰ ਐਤਵਾਰ ਨੂੰ ਬੁੱਢਾ ਦਰਿਆ ਦੇ ਨਾਲ ਪਦਯਾਤਰਾ ਕਰਦੇ ਆ ਰਹੇ ਹਾਂ ਅਤੇ ਇਸ ਦੇ ਪ੍ਰਦੂਸ਼ਣ ਵਿਰੁੱਧ ਜੰਗ ਅੱਗੇ ਵੀ ਜਾਰੀ ਰਹੇਗੀ।”

ਅਰਦਾਸ ਵਿਚ ਮਹਿੰਦਰ ਸਿੰਘ ਸੇਖੋਂ (ਪੰਜਾਬੀ ਪਸਾਰ ਭਾਈਚਾਰਾ), ਗਿਆਨ ਪ੍ਰਗਾਸ ਟ੍ਰਸ੍ਟ ਲੁਧਿਆਣਾ ਤੋਂ ਪ੍ਰੀਤਮ ਸਿੰਘ ਅਤੇ ਮੇਜਰ ਸਿੰਘ, ਮੋਹਿਤ ਸੱਗੜ, ਦਾਨ ਸਿੰਘ ਅਤੇ ਨੇੜੇ ਦੇ ਪਿੰਡਾਂ ਦੇ ਸੁਖਵਿੰਦਰ ਸਿੰਘ ਗੌਂਸਪੁਰ ਅਤੇ ਸਰਪੰਚ ਮੇਵਾ ਸਿੰਘ ਸਲੇਮਪੁਰ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।

Scroll to Top