ਚੰਡੀਗੜ੍ਹ, 23 ਅਪ੍ਰੈਲ 2024: ਇਸ ਵਾਰ ਬਦਲੇ ਸਿਆਸੀ ਸਮੀਕਰਨਾਂ ਕਾਰਨ ਪੰਜਾਬ ਦੀ ਸਿਆਸਤ ‘ਚ ਪਟਿਆਲਾ (Patiala) ਸੀਟ ‘ਤੇ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਹੈ। ਕਾਂਗਰਸ ਦਾ ਗੜ੍ਹ ਰਹੀ ਇਸ ਸੀਟ ਤੋਂ ‘ਆਪ’ ਨੇ ਆਪਣੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਮੈਦਾਨ ‘ਚ ਉਤਾਰਿਆ, ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਭਾਜਪਾ ਨੇ ਚਾਰ ਵਾਰ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਸਾਰੀਆਂ ਪਾਰਟੀਆਂ ਨੇ ਪਟਿਆਲਾ ਦੀ ਸੀਟ ਜਿੱਤਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ |
ਚੌਤਰਫਾ ਮੁਕਾਬਲਾ ਹੋਣ ਕਾਰਨ ਇਸ ਵਾਰ ਪਟਿਆਲਾ ਵਿੱਚ ਸਾਰੀਆਂ ਪਾਰਟੀਆਂ ਵਿੱਚ ਡਟਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਚੋਣਾਂ ‘ਤੇ ਵੀ ਮੁੱਦੇ ਹਾਵੀ ਹੋ ਸਕਦੇ ਹਨ, ਦੱਸਿਆ ਜਾਂਦੇ ਕਿ ਪਟਿਆਲਾ ਦੇ ਕਈ ਪ੍ਰਾਜੈਕਟ ਸਾਲਾਂ ਤੋਂ ਲਟਕ ਰਹੇ ਹਨ। ਉਮੀਦਵਾਰ ਹਰ ਚੋਣ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਬਾਅਦ ਵਿੱਚ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ।
ਹੁਣ ਤੱਕ 17 ਲੋਕ ਸਭਾ ਚੋਣਾਂ ‘ਚ ਕਾਂਗਰਸ ਹਾਵੀ
ਪਟਿਆਲਾ (Patiala) ਲੋਕ ਸਭਾ ਹਲਕੇ ਦੀ ਗੱਲ ਕਰੀਏ ਜੋ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, 1952 ਤੋਂ ਲੈ ਕੇ ਹੁਣ ਤੱਕ ਇੱਥੇ 17 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 11 ਵਾਰ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਰਾਮ ਪ੍ਰਤਾਪ ਗਰਗ 1952 ਵਿੱਚ ਇੱਥੋਂ ਦੇ ਪਹਿਲੇ ਸੰਸਦ ਮੈਂਬਰ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਪ੍ਰਨੀਤ ਕੌਰ ਚਾਰ ਵਾਰ ਇੱਥੋਂ ਸੰਸਦ ਮੈਂਬਰ ਰਹਿ ਚੁੱਕੀ ਹੈ।
ਪਹਿਲਾਂ ਪ੍ਰਨੀਤ ਕੌਰ ਨੇ 1999 ਵਿੱਚ ਪਟਿਆਲਾ ਤੋਂ ਲੋਕ ਸਭਾ ਚੋਣ ਜਿੱਤੀ ਅਤੇ ਉਸ ਤੋਂ ਬਾਅਦ ਉਹ 2004, 2009 ਅਤੇ ਫਿਰ 2019 ਵਿੱਚ ਚੁਣੀ ਗਈ। ਪਟਿਆਲਾ ਲੋਕ ਸਭਾ ਹਲਕੇ ਵਿੱਚ ਰਾਜਪੁਰਾ, ਘਨੌਰ, ਸਨੌਰ, ਪਟਿਆਲਾ (ਸ਼ਹਿਰੀ), ਪਟਿਆਲਾ (ਦਿਹਾਤੀ), ਨਾਭਾ, ਸਮਾਣਾ, ਸ਼ੁਤਰਾਣਾ ਅਤੇ ਡੇਰਾਬੱਸੀ 9 ਵਿਧਾਨ ਸਭਾ ਹਲਕੇ ਸ਼ਾਮਲ ਹਨ। ਇਸ ਸਮੇਂ ਸਾਰੇ ਹਲਕਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਜਿਕਰਯੋਗ ਹੈ ਕਿ ਪਟਿਆਲਾ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1796352 ਹੈ, ਜਿਨ੍ਹਾਂ ਵਿੱਚੋਂ 939319 ਪੁਰਸ਼ , 8,56,955 ਬੀਬੀ ਅਤੇ 78 ਟਰਾਂਸਜੈਂਡਰ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਵੋਟ ਪ੍ਰਤੀਸ਼ਤਤਾ 67.79 ਫੀਸਦੀ ਰਹੀ ਸੀ। 2019 ਦੀਆਂ ਚੋਣਾਂ ਵਿੱਚ ਪ੍ਰਨੀਤ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 162718 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪ੍ਰਨੀਤ ਕੌਰ ਨੂੰ 532027 ਅਤੇ ਰੱਖੜਾ ਨੂੰ 369309 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਰਹੇ ਡਾ: ਧਰਮਵੀਰ ਗਾਂਧੀ ਨੂੰ 161645 ਵੋਟਾਂ ਮਿਲੀਆਂ |
ਪਟਿਆਲਾ (Patiala) ਸੀਟ ਕਦੋਂ ਤੇ ਕੌਣ ਜਿੱਤਿਆ
1957 ਵਿੱਚ ਕਾਂਗਰਸ ਦੇ ਲਾਲਾ ਅਚਿੰਤ ਰਾਮ, 1962 ਵਿੱਚ ਕਾਂਗਰਸ ਦੇ ਸਰਦਾਰ ਹੁਕਮ ਸਿੰਘ, 1967 ਵਿੱਚ ਕਾਂਗਰਸ ਦੀ ਮਹਿੰਦਰ ਕੌਰ, 1971 ਵਿੱਚ ਕਾਂਗਰਸ ਦੇ ਸਤਪਾਲ ਕਪੂਰ, 1977 ਵਿੱਚ ਅਕਾਲੀ ਦਲ ਦੇ ਗੁਰਚਰਨ ਸਿੰਘ ਟੌਹੜਾ, 1980 ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, 1984 ਵਿੱਚ ਅਕਾਲ ਦਲ ਦੇ ਚਰਨਜੀਤ ਸਿੰਘ ਵਾਲੀਆ, 1989 ਵਿਚ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ, 1991 ਵਿਚ ਕਾਂਗਰਸ ਦੇ ਸੰਤ ਰਾਮ ਸਿੰਗਲਾ, 1996 ਵਿਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, 1998 ਵਿਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਫਿਰ ਲਗਾਤਾਰ ਤਿੰਨ ਚੋਣਾਂ ਵਿਚ ਕਾਂਗਰਸ ਦੀ ਪ੍ਰਨੀਤ ਕੌਰ ਅਤੇ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਇੱਥੋਂ ਚੋਣ ਜਿੱਤੇ ਸਨ, ਪਰ 2016 ‘ਚ ਉਨ੍ਹਾਂ ਨੇ ‘ਆਪ’ ਤੋਂ ਅਸਤੀਫਾ ਦੇ ਦਿੱਤਾ | ਡਾ. ਧਰਮਵੀਰ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਪੰਜਾਬ ਫਰੰਟ ਬਣਾਇਆ ਅਤੇ ਚੋਣ ਲੜੀ, ਪਰ ਉਨ੍ਹਾਂ ਨੂੰ ਹਾਰ ਮਿਲੀ ਅਤੇ ਉਹ ਤੀਜੇ ਸਥਾਨ ‘ਤੇ ਆਏ ।