Election Commission

ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼

ਚੰਡੀਗੜ੍ਹ, 19 ਮਾਰਚ 2024: ਭਾਰਤੀ ਚੋਣ ਕਮਿਸ਼ਨ (Election Commission of India) ਨੇ ਇਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਜਾਰੀ ਹੋਏ ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੌਜੂਦਾ ਪੋਸਟਿੰਗ ਤੋਂ ਹਟਾ ਕੇ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ, ਜੋ ਕਿ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਨਾ ਹੋਵੇ।

ਇਸਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਨ੍ਹਾਂ ਨੂੰ ਜ਼ਿਲ੍ਹੇ ਤੋਂ ਕਿਤੇ ਬਾਹਰ ਲਗਾਇਆ ਜਾਵੇ ਜੋ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਨਾ ਹੋਵੇ। ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਤਾਇਨਾਤੀ ਕਰਨ ਲਈ ਚੋਣ ਕਮਿਸ਼ਨ ਨੇ 3 ਅਧਿਕਾਰੀਆਂ ਦੇ ਪੈਨਲ ਦੀ ਮੰਗ ਕੀਤੀ ਹੈ।

ਇਸੇ ਤਰ੍ਹਾਂ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੂੰ ਵੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਵੀ ਮੌਜੂਦਾ ਜ਼ਿਲ੍ਹਿਆਂ ਤੋਂ ਬਾਹਰ ਲਗਾਉਣ ਲਈ ਕਿਹਾ ਗਿਆ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਨਵੀਂ ਤਾਇਨਾਤੀ ਵਾਲੇ ਜ਼ਿਲ੍ਹੇ ਮੌਜੂਦਾ ਤੈਨਾਤੀ ਵਾਲੇ ਜ਼ਿਲ੍ਹੇ ਜਾਂ ਲੋਕ ਸਭਾ ਸੀਟ ਅਧੀਨ ਨਾ ਆਉਂਦੇ ਹੋਣ। ਉਕਤ ਦੋਵੇਂ ਅਧਿਕਾਰੀ ਕ੍ਰਮਵਾਰ ਅਪ੍ਰੈਲ ਅਤੇ ਜੂਨ 2024 ਵਿਚ ਸੇਵਾਮੁਕਤ ਹੋ ਰਹੇ ਹਨ। ਦੋਵਾਂ ਥਾਂਵਾਂ ‘ਤੇ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਲਈ ਕਮਿਸ਼ਨ ਨੇ 3-3 ਨਾਂਵਾਂ ਵਾਲੇ ਪੈਨਲਾਂ ਦੀ ਮੰਗ ਕੀਤੀ ਹੈ।

Scroll to Top