ਨਵੀਂ ਦਿੱਲੀ, 12 ਜੂਨ 2023: ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੀ ਅਦਾਲਤ ਵਿੱਚ ਅਰਜ਼ੀ ਪਾ ਕੇ ਕਿਹਾ ਕਿ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਭੇਜਿਆ ਜਾਵੇ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬਿਸ਼ਨੋਈ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ |
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਮੰਗ ‘ਤੇ ਗੈਂਗਸਟਰਾਂ ਲਾਰੇਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੀ ਪੁਲਿਸ ਹਿਰਾਸਤ 14 ਜੂਨ ਤੱਕ ਵਧਾ ਦਿੱਤੀ ਗਈ ਹੈ। ਉਸ ‘ਤੇ ਜੇਲ੍ਹ ‘ਚ ਰਹਿੰਦਿਆਂ ਅਪਰਾਧ ਸਿੰਡੀਕੇਟ ਚਲਾਉਣ ਦਾ ਦੋਸ਼ ਹੈ। ਲਾਰੇਂਸ ਬਿਸ਼ਨੋਈ ਨੂੰ ਐਤਵਾਰ ਨੂੰ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ 4 ਦਿਨ ਲਈ ਰਿਮਾਂਡ ਵਧਾ ਦਿੱਤਾ ਹੈ। ਫਿਲਹਾਲ ਬਿਸ਼ਨੋਈ ਅਤੇ ਨਹਿਰਾ ਦੋਵੇਂ ਕ੍ਰਾਈਮ ਬ੍ਰਾਂਚ ਦੀ ਹਿਰਾਸਤ ‘ਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਅਹਿਮ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ।
ਕ੍ਰਾਈਮ ਬ੍ਰਾਂਚ ਮੁਤਾਬਕ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਸੰਪਤ ਨਹਿਰਾ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਤੋਂ ਫਰਾਰ ਹੋ ਕੇ ਲੰਡਨ ‘ਚ ਬੈਠੇ ਗੈਂਗਸਟਰ ਕਪਿਲ ਉਰਫ਼ ਨੰਦੂ ਅਤੇ ਅਮਰੀਕਾ ‘ਚ ਬੈਠੇ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕ੍ਰਾਈਮ ਸਿੰਡੀਕੇਟ ਚਲਾ ਰਹੇ ਹਨ। ਪੂਰੇ ਭਾਰਤ ਵਿੱਚ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧ ‘ਚ ਬਿਸ਼ਨੋਈ ਅਤੇ ਨਹਿਰਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਦਿੱਲੀ ‘ਚ ਭਾਜਪਾ ਨੇਤਾ ਦੇ ਕਤਲ ‘ਚ ਸ਼ਾਮਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਪੁੱਛਗਿੱਛ ਕਰਨ ‘ਤੇ ਕੁਝ ਸੁਰਾਗ ਮਿਲੇ ਹਨ। ਦੂਜੇ ਪਾਸੇ ਦਿੱਲੀ ਦੀ ਸਾਕੇਤ ਅਦਾਲਤ ਨੇ ਲਾਰੇਂਸ ਬਿਸ਼ਨੋਈ ਨੂੰ ਮੁੜ 4 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ, ਜਿਸ ਕਾਰਨ ਉਸ ਤੋਂ ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਦਿੱਲੀ ਜੇਲ੍ਹ ਪ੍ਰਸ਼ਾਸਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਪਣਾ ਪੱਲਾ ਬਚਾਉਣਾ ਚਾਹੁੰਦਾ ਹੈ। ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਅਰਜ਼ੀ ਪਾ ਕੇ ਕਿਹਾ ਕਿ ਲਾਰੇਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਭੇਜਿਆ ਜਾਵੇ। ਜੇਲ੍ਹ ਪ੍ਰਸ਼ਾਸਨ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਬਠਿੰਡਾ ਜੇਲ੍ਹ ਤੋਂ ਐਨਆਈਏ ਅਤੇ ਫਿਰ ਗੁਜਰਾਤ ਪੁਲੀਸ ਅਤੇ ਹੁਣ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਰਿਮਾਂਡ ’ਤੇ ਲਿਆ ਗਿਆ ਸੀ। ਇਸ ਲਈ ਜਿਸ ਜੇਲ੍ਹ ਤੋਂ ਏਜੰਸੀਆਂ ਨੇ ਬਿਸ਼ਨੋਈ ਨੂੰ ਹਿਰਾਸਤ ਵਿੱਚ ਲਿਆ ਸੀ, ਉਸ ਜੇਲ੍ਹ ਨੂੰ ਸਿੱਧਾ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਦਿੱਲੀ ਜੇਲ੍ਹ ਵਿੱਚ।
ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਬਿਸ਼ਨੋਈ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਭੇਜਣ ਦਾ ਕੋਈ ਮਤਲਬ ਨਹੀਂ, ਮੰਡੋਲੀ ਜੇਲ੍ਹ ਵਿੱਚ ਬਿਸ਼ਨੋਈ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਬਿਸ਼ਨੋਈ ਦੇ ਅਪਰਾਧ ਸਿੰਡੀਕੇਟ ਨਾਲ ਜੁੜੇ ਲੋਕ ਅਤੇ ਵਿਰੋਧੀ ਗਰੋਹ ਦੇ ਲੋਕ ਜੇਲ੍ਹ ਵਿੱਚ ਬੰਦ ਹਨ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਦਿੱਲੀ ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਬਿਸ਼ਨੋਈ ਦੀ ਹਿਰਾਸਤ ਪੂਰੀ ਹੋਣ ’ਤੇ ਉਸ ਨੂੰ ਸਿੱਧਾ ਬਠਿੰਡਾ ਜੇਲ੍ਹ ਹਵਾਲੇ ਕੀਤਾ ਜਾਵੇ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।